ਗੁਰੂਹਰਸਹਾਏ, 19 ਸਤੰਬਰ (ਕਪਿਲ ਕੰਧਾਰੀ)- ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ‘ਪੰਥ ਬਚਾਓ, ਪੰਜਾਬ ਬਚਾਓ, ਬਾਰਡਰ ਖੁੱਲ੍ਹਵਾਓ, ਮਿਸ਼ਨ 2027’ ਦੇ ਨਾਅਰੇ ਹੇਠ ਗੁਰੂਹਰਸਹਾਏ ਵਿਖੇ ਵਿਸ਼ਾਲ ਸਿਆਸੀ ਕਾਨਫਰੰਸ ਕਰਵਾਈ ਗਈ। ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਸੰਗਤ, ਨੌਜਵਾਨਾਂ ਤੇ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਕਾਨਫਰੰਸ ਵਿਚ ਪਹੁੰਚੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਦੇ ਪਿਤਾ ਬਾਪੂ ਤਰਸੇਮ ਸਿੰਘ, ਮਾਤਾ ਬਲਵਿੰਦਰ ਕੌਰ, ਮਨਪ੍ਰੀਤ ਸਿੰਘ ਇਆਲੀ, ਅਮਰਜੀਤ ਸਿੰਘ, ਕਾਬਲ ਸਿੰਘ ਭੁੱਲਰ, ਸਤਵਿੰਦਰ ਸਿੰਘ ਇਕਵਾਨ, ਪਰਮਜੀਤ ਸਿੰਘ ਜੌਹਲ ਕੋਆਰਡੀਨੇਟਰ, ਲਖਵੀਰ ਸਿੰਘ, ਦਰਸ਼ਨ ਸਿੰਘ ਮਾਨੂਕੇ, ਬਲਜਿੰਦਰ ਸਿੰਘ ਐਸ.ਓ.ਆਈ., ਚਾਂਦ ਮੁਹੰਮਦ, ਬਿੱਟੂ ਚੌਹਾਨ ਸਮੇਤ ਹੋਰ ਆਗੂਆਂ ਦਾ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਉਨ੍ਹਾਂ ਦੀ ਸਮੂਹ ਟੀਮ ਵਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਗੁਰੂਹਰਸਹਾਏ ਇਲਾਕੇ ਦੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਮੁੱਖ ਏਜੰਡਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਸੂਬੇ ਦੀ ਸਭ ਤੋਂ ਵੱਡੀ ਤਾਕਤ ਹੈ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਉਨ੍ਹਾਂ ਦੀ ਊਰਜਾ ਨੂੰ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 2027 ਦੀ ਲੜਾਈ ਸਿਰਫ਼ ਸੱਤਾ ਹਾਸਲ ਕਰਨ ਦੀ ਸਿਆਸੀ ਲੜਾਈ ਨਹੀਂ, ਸਗੋਂ ਪੰਜਾਬ ਦੀ ਹੋਂਦ, ਭਵਿੱਖ ਤੇ ਨੌਜਵਾਨੀ ਨਾਲ ਜੁੜੇ ਮੁੱਦਿਆਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਅਤੇ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣਾ ਹੈ ਤਾਂ ਲੋਕਾਂ ਨੂੰ ਇਕਜੁੱਟ ਹੋ ਕੇ ਇਸ ਮਕਸਦ ਲਈ ਸਹਿਯੋਗ ਦੇਣਾ ਪਵੇਗਾ। ਇਸ ਮੌਕੇ ਪਾਰਟੀ ਦੀ ਚੋਣ ਕਮੇਟੀ ਵਲੋਂ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਗੁਰੂਹਰਸਹਾਏ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ। ਨਿਯੁਕਤੀ ਤੋਂ ਬਾਅਦ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਬਾਪੂ ਤਰਸੇਮ ਸਿੰਘ ਅਤੇ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ’ਤੇ ਜੋ ਵਿਸ਼ਵਾਸ ਪ੍ਰਗਟ ਕਰਕੇ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਨੌਜਵਾਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸੋਚ ਨਾਲ ਜੁੜਨ ਅਤੇ ਪੰਜਾਬ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਆਪਣੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।ਕਾਨਫਰੰਸ ਦੌਰਾਨ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਦੱਸਿਆ ਕਿ ਕਰੀਬ 200 ਵਿਅਕਤੀ ਅਕਾਲੀ ਦਲ ਵਾਰਿਸ ਪੰਜਾਬ ਵਿਚ ਸ਼ਾਮਲ ਹੋਏ। ਇਨ੍ਹਾਂ ਨਵੇਂ ਮੈਂਬਰਾਂ ਨੂੰ ਬਾਪੂ ਤਰਸੇਮ ਸਿੰਘ ਵੱਲੋਂ ਸਿਰੋਪੇ ਪਾ ਕੇ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਵੱਖ ਵੱਖ ਸੀਨੀਅਰ ਆਗੂਆਂ ਵਲੋਂ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਕਸ਼ਮੀਰ ਸਿੰਘ, ਗੁਰਦੇਵ ਸਿੰਘ ਦਿਲਾ ਰਾਮ, ਜਸ਼ਨ ਸਿੰਘ ਲੱਖੋ ਕੇ, ਬੂਟਾ ਸਿੰਘ ਲੱਖੋ ਕੇ, ਸੁੱਚਾ ਸਿੰਘ ਕਲਸੀ, ਦਵਿੰਦਰ ਸਿੰਘ, ਲਖਬੀਰ ਸਿੰਘ, ਅਮਰਦੀਪ ਸਿੰਘ, ਪ੍ਰਤਾਪ ਸਿੰਘ ਫਾਜ਼ਿਲਕਾ, ਚਮਕੌਰ ਸਿੰਘ ਬਠਿੰਡਾ, ਪ੍ਰਗਟ ਸਿੰਘ, ਸਤਨਾਮ ਸਿੰਘ ਬਿਲਾਸਪੁਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ। ਅੰਤ ਵਿਚ ਬਾਪੂ ਤਰਸੇਮ ਸਿੰਘ ਅਤੇ ਪਾਰਟੀ ਆਗੂਆਂ ਵਲੋਂ ਕਾਨਫਰੰਸ ਵਿੱਚ ਪਹੁੰਚੀ ਸੰਗਤ ਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ।
‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਮੁੱਖ ਏਜੰਡਾ ਪੰਜਾਬ ਨੂੰ ਨਸ਼ਾ-ਮੁਕਤ ਕਰਕੇ ਖੁਸ਼ਹਾਲ ਬਣਾਉਣਾ: ਬਾਪੂ ਤਰਸੇਮ ਸਿੰਘ
ਗੁਰੂਹਰਸਹਾਏ, 19 ਸਤੰਬਰ (ਕਪਿਲ ਕੰਧਾਰੀ)- ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ‘ਪੰਥ ਬਚਾਓ, ਪੰਜਾਬ ਬਚਾਓ, ਬਾਰਡਰ ਖੁੱਲ੍ਹਵਾਓ, ਮਿਸ਼ਨ 2027’ ਦੇ ਨਾਅਰੇ ਹੇਠ ਗੁਰੂਹਰਸਹਾਏ ਵਿਖੇ ਵਿਸ਼ਾਲ ਸਿਆਸੀ ਕਾਨਫਰੰਸ ਕਰਵਾਈ ਗਈ। ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਸੰਗਤ, ਨੌਜਵਾਨਾਂ ਤੇ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਵਿਚ ਹਾਜ਼ਰ ਵੱਡੀ ਗਿਣਤੀ ’ਚ ਲੋਕ। ਤਸਵੀਰਾਂ-ਕਪਿਲ ਕੰਧਾਰੀ
20-09-2026