ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਰਾਧਾ ਅਸ਼ਟਮੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ
ਗੁਰੂਹਰਸਹਾਏ, 20 ਸਤੰਬਰ (ਕਪਿਲ ਕੰਧਾਰੀ)- ਸ਼ਹਿਰ ਦੇ ਪ੍ਰਸਿੱਧ ਅਤੇ ਪ੍ਰਾਚੀਨ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਰਾਧਾ ਅਸ਼ਟਮੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ।
ਗੁਰੂਹਰਸਹਾਏ, 20 ਸਤੰਬਰ (ਕਪਿਲ ਕੰਧਾਰੀ)- ਸ਼ਹਿਰ ਦੇ ਪ੍ਰਸਿੱਧ ਅਤੇ ਪ੍ਰਾਚੀਨ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਰਾਧਾ ਅਸ਼ਟਮੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਸ਼ਰਧਾਲੂਆਂ ਨੇ ਸ੍ਰੀ ਰਾਧਾ ਕ੍ਰਿਸ਼ਨ ਦੀ ਪੂਜਾ-ਅਰਚਨਾ ਕਰਕੇ ਮੱਥਾ ਟੇਕਿਆ ਤੇ ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਬਾਲ ਗੋਪਾਲ ਲੰਗਰ ਸਮਿਤੀ ਵਲੋਂ ਆਪਣੀ ਸੇਵਾ ਦੇ 25 ਸਾਲ ਪੂਰੇ ਹੋਣ ਦੀ ਖ਼ੁਸ਼ੀ ’ਚ ਵਿਸ਼ੇਸ਼ ਸਮਾਗਮ ਵੀ ਕਰਵਾਇਆ ਗਿਆ। ਸਮਿਤੀ ਦੇ ਸਮੂਹ ਮੈਂਬਰਾਂ ਵੱਲੋਂ ਕੇਕ ਕੱਟ ਕੇ 25 ਸਾਲਾਂ ਦੇ ਸੇਵਾ ਸਫ਼ਰ ਦੀ ਖ਼ੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸੀਨੀਅਰ ਕਾਂਗਰਸੀ ਆਗੂ ਤੇ ਨਗਰ ਕੌਂਸਲ ਗੁਰੂਹਰਸਹਾਏ ਦੀ ਪ੍ਰਧਾਨ ਸੁਸ਼ਮਾ ਰਾਣੀ ਦੇ ਪੁੱਤਰ ਬੰਟੀ ਭਠੇਜਾ ਨੇ ਸ਼ਿਰਕਤ ਕੀਤੀ ਤੇ ਕੇਕ ਕੱਟਣ ਦੀ ਰਸਮ ਅਦਾ ਕੀਤੀ। ਉਨ੍ਹਾਂ ਨੇ ਸਮਿਤੀ ਦੇ ਮੈਂਬਰਾਂ ਨੂੰ 25 ਸਾਲ ਪੂਰੇ ਹੋਣ ’ਤੇ ਵਧਾਈ ਦਿੱਤੀ ਤੇ ਧਾਰਮਿਕ ਤੇ ਸਮਾਜਿਕ ਸੇਵਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਧਾਰਮਿਕ ਸਮਾਗਮ ਦੌਰਾਨ ਮਹਿਲਾ ਸ਼ਰਧਾਲੂਆਂ ਵਲੋਂ ਭਗਵਾਨ ਸ੍ਰੀ ਰਾਧਾ ਕ੍ਰਿਸ਼ਨ ਦੀ ਮਹਿਮਾ ਨਾਲ ਸਬੰਧਤ ਮਨਮੋਹਕ ਭਜਨ ਪੇਸ਼ ਕੀਤੇ ਗਏ। ਭਜਨਾਂ ਦੀਆਂ ਰਸ-ਭਿੰਨੀਆਂ ਧੁਨਾਂ ਨਾਲ ਮੰਦਰ ਦਾ ਸਮੁੱਚਾ ਮਾਹੌਲ ਭਗਤੀ ਮਈ ਹੋ ਗਿਆ ਤੇ ਸੰਗਤ ਨੇ ਭਜਨਾਂ ਦਾ ਅਨੰਦ ਮਾਣਿਆ। ਸ਼ਰਧਾਲੂਆਂ ਵਲੋਂ ਭਗਤੀ ਭਾਵਨਾ ਨਾਲ ਭਜਨਾਂ ਵਿੱਚ ਸ਼ਾਮਲ ਹੁੰਦਿਆਂ ਸ੍ਰੀ ਰਾਧਾ ਕ੍ਰਿਸ਼ਨ ਦਾ ਗੁਣਗਾਨ ਕੀਤਾ ਗਿਆ। ਸਮਾਗਮ ਦੌਰਾਨ ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਧਾਰਮਿਕ ਸਮਾਗਮ ਦੀ ਸਮਾਪਤੀ ਉਪਰੰਤ ਸੰਗਤ ਲਈ ਲੰਗਰ ਵਰਤਾਇਆ ਗਿਆ ਤੇ ਸ਼ਰਧਾਲੂਆਂ ਨੂੰ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਸਮਿਤੀ ਦੇ ਮੈਂਬਰਾਂ ਤੇ ਸ਼ਰਧਾਲੂਆਂ ਨੇ ਵੱਧ-ਚੜ੍ਹ ਕੇ ਸੇਵਾ ਨਿਭਾਈ। ਸੀਨੀਅਰ ਕਾਂਗਰਸੀ ਆਗੂ ਬੰਟੀ ਭਠੇਜਾ ਨੇ ਕਿਹਾ ਕਿ ਧਾਰਮਿਕ ਤਿਉਹਾਰ ਸੰਗਤ ਨੂੰ ਭਗਤੀ ਨਾਲ ਜੋੜਨ ਦੇ ਨਾਲ-ਨਾਲ ਆਪਸੀ ਪਿਆਰ, ਸਦਭਾਵਨਾ ਤੇ ਸੇਵਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਬਾਲ ਗੋਪਾਲ ਲੰਗਰ ਸਮਿਤੀ ਵਲੋਂ ਪਿਛਲੇ 25 ਸਾਲਾਂ ਤੋਂ ਕੀਤੀ ਜਾ ਰਹੀ ਸੇਵਾ ਨੂੰ ਵੀ ਉਨਾਂ ਵਲੋਂ ਸ਼ਲਾਘਾਯੋਗ ਦੱਸਿਆ ਗਿਆ।