ਫ਼ਿਰੋਜ਼ਪੁਰ, 15 ਮਈ (ਗੁਰਿੰਦਰ ਸਿੰਘ)-ਵਿਦਿਆਰਥੀਆਂ ਵਿਚ ਅਗਵਾਈ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਦੇ ਉਦੇਸ਼ ਨਾਲ ਡੀ.ਸੀ.ਐਮ ਗਰੁੱਪ ਆਫ਼ ਸਕੂਲਜ਼ ਵਲੋਂ ਆਪਣੇ ਵੱਖ-ਵੱਖ ਸਕੂਲਾਂ ਵਿਚ ਇਨਵੈਸਟੀਚਰ ਸੈਰੇਮਨੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਨਵ-ਨਿਯੁਕਤ ਵਿਦਿਆਰਥੀ ਕੌਂਸਲ ਮੈਂਬਰਾਂ ਨੂੰ ਵੱਖ-ਵੱਖ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਉਨ੍ਹਾਂ ਨੂੰ ਇਮਾਨਦਾਰੀ ਅਤੇ ਸਮਰਪਣ ਨਾਲ ਆਪਣੇ ਫ਼ਰਜ਼ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ | ਡੈਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪਿ੍ੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਸਕੂਲ ਵਿਚ ਸਮਾਗਮ ਦੌਰਾਨ ਪਰਮਵੀਰ ਸਿੰਘ ਸੰਧੂ ਨੂੰ ਹੈੱਡ ਬੁਆਏ, ਪਰਮਦੀਪ ਕੌਰ ਨੂੰ ਹੈੱਡ ਗਰਲ, ਸੌਰਿਆ ਸਚਦੇਵਾ ਨੂੰ ਡਿਪਟੀ ਹੈੱਡ ਬੁਆਏ, ਅਭਿਨੂਰ ਕੌਰ ਨੂੰ ਡਿਪਟੀ ਹੈੱਡ ਗਰਲ, ਖੁਸ਼ਾਗਰਾ ਮਹਿਤਾ ਨੂੰ ਸਪੈਸ਼ਲ ਬੁਆਏ ਅਤੇ ਗੁਰਕੀਰਤ ਕੌਰ ਨੂੰ ਸਪੈਸ਼ਲ ਗਰਲ ਨਿਯੁਕਤ ਕੀਤਾ ਗਿਆ | ਇਸ ਮੌਕੇ ਡਿਪਟੀ ਪਿ੍ੰਸੀਪਲ ਮਨਿਸ਼ ਬਾਂਗਾ, ਹੈੱਡ ਮਿਸਟਰੈੱਸ ਰਿਤਿਕਾ ਸੋਨੀ ਸਮੇਤ ਹੋਰ ਸਟਾਫ਼ ਮੈਂਬਰ ਵੀ ਮੌਜੂਦ ਰਹੇ | ਦਾਸ ਐਂਡ ਬਰਾਊਨ ਵਰਲਡ ਸਕੂਲ ਦੀ ਪਿ੍ੰਸੀਪਲ ਡਾ. ਰੂਚੀ ਪਾਂਡੇ ਨੇ ਦੱਸਿਆ ਕਿ ਸਕੂਲ ਵਿਚ ਉਤਸ਼ਾਹਪੂਰਨ ਢੰਗ ਨਾਲ ਇਨਵੈਸਟੀਚਰ ਸੈਰੇਮਨੀ ਕਰਵਾਈ ਗਈ | ਇਸ ਦੌਰਾਨ ਨਿਯਤੀ ਗੋਇਲ ਨੂੰ ਹੈੱਡ ਗਰਲ ਅਤੇ ਤਨਮਯ ਕੁਮਾਰ ਨੂੰ ਹੈੱਡ ਬੁਆਏ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਹੋਰ ਅਹੁਦੇ ਸੌਂਪਣ ਦੇ ਨਾਲ ਵੱਖ-ਵੱਖ ਹਾਊਸਾਂ ਦੇ ਕੈਪਟਨ ਵੀ ਨਿਯੁਕਤ ਕੀਤੇ ਗਏ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਸਕੂਲੀ ਜੀਵਨ ਤੋਂ ਹੀ ਨੇਤਿ੍ਤਵ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ | ਇਸ ਮੌਕੇ ਸੀਨੀਅਰ ਜੀ.ਐਮ ਕਰਨਲ ਰਾਜੇਸ਼ ਆਨੰਦ, ਜੀਐਮ ਡਾ. ਸੈਲਿਨ, ਵੀ.ਪੀ ਡਾ. ਸੰਗੀਤਾ ਭਾਰਦਵਾਜ, ਬਿੰਦੂ ਗੁਪਤਾ, ਪੂਨਮ ਸੂਦ ਅਤੇ ਨੀਲਾਕਸ਼ੀ ਸਮੇਤ ਹੋਰ ਹਾਜ਼ਰ ਸਨ | ਡੀਸੀਐਮ ਇੰਟਰਨੈਸ਼ਨਲ ਸਕੂਲ ਦੀ ਪਿ੍ੰਸੀਪਲ ਅਨੁਰਾਧਾ ਚੰਦੇਲ ਨੇ ਦੱਸਿਆ ਕਿ ਸਕੂਲ ਕੌਂਸਲ ਵਿਚ 26 ਵਿਦਿਆਰਥੀਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ | ਮਨਕਰਨ ਨੂੰ ਹੈੱਡ ਬੁਆਏ, ਏਕਮਪ੍ਰੀਤ ਕੌਰ ਨੂੰ ਹੈੱਡ ਗਰਲ, ਰਾਹੁਲ ਨੂੰ ਡਿਪਟੀ ਹੈੱਡ ਬੁਆਏ, ਸੁਖਮਨਪ੍ਰੀਤ ਨੂੰ ਡਿਪਟੀ ਹੈੱਡ ਗਰਲ, ਸਾਂਚੀ ਭੋਲਾ ਨੂੰ ਐਕਟੀਵਿਟੀ ਹੈੱਡ ਅਤੇ ਰੀਤ ਹਾਂਡਾ ਨੂੰ ਸਟੂਡੈਂਟ ਐਡੀਟਰ ਨਿਯੁਕਤ ਕੀਤਾ ਗਿਆ | ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਫ਼ਰਜ਼ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣ ਦੀ ਸਹੁੰ ਵੀ ਦਿਵਾਈ ਗਈ |