ਬਠਿੰਡਾ, 15 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਭੁੱਚੋ ਮੰਡੀ 'ਚ ਆਦੇਸ਼ ਹਸਪਤਾਲ ਦੇ ਨਜ਼ਦੀਕ ਇਕ ਸਕਾਰਪੀਓ ਕਾਰ ਦੀ ਭਿਆਨਕ ਟੱਕਰ ਨਾਲ ਮੋਟਰਸਾਈਕਲ ਸਵਾਰ ਤਿੰਨ ਜਣਿਆਂ ਦਾ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਹਾਦਸੇ ਦੇ ਬਾਅਦ ਸਹਾਰਾ ਜਨਸੇਵਾ ਦੀ ਟੀਮ ਮੈਂਬਰ ਸੰਦੀਪ ਗਿੱਲ ਐਂਬੂਲੈਂਸ ਸਹਿਤ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਤੁਰੰਤ ਆਦੇਸ਼ ਹਸਪਤਾਲ 'ਚ ਦਾਖਲ ਕਰਵਾਇਆ ਗਿਆ | ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ | ਜਾਣਕਾਰੀ ਦਿੰਦੇ ਹੋਏ ਪਿੰਡ ਭੁੱਚੋ ਖ਼ੁਰਦ ਦੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਤਾਏ ਦਾ ਲੜਕਾ ਗੁਰਪ੍ਰੀਤ ਸਿੰਘ (32) ਸਾਲ ਆਪਣੀ ਪਤਨੀ ਸਹਿਨਾਜ ਕੌਰ (29) ਸਾਲ ਅਤੇ ਭਤੀਜੀ ਅੰਮਿ੍ਤਾ ਕੌਰ (18) ਸਾਲ ਆਪਣੇ ਮੋਟਰਸਾਈਕਲ 'ਤੇ ਪਿੰਡ ਭੁੱਚੋ ਖ਼ੁਰਦ ਆ ਰਹੇ ਸਨ | ਇਸ ਦੌਰਾਨ ਜਿਵੇਂ ਹੀ ਉਹ ਚੱਕ ਫਤਹਿ ਸਿੰਘ ਵਾਲਾ ਪਿੰਡ ਜਾਣ ਵਾਲੀ ਸੜਕ ਤੋਂ ਹਾਈਵੇ 'ਤੇ ਚੜ੍ਹਨ ਲਈ ਖੜੇ ਹੋਏ ਸਨ, ਤਾਂ ਤੇਜ ਰਫ਼ਤਾਰ ਸਕਾਰਪੀਓ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ | ਇਸ ਭਿਆਨਕ ਹਾਦਸੇ 'ਚ ਗੁਰਪ੍ਰੀਤ ਸਿੰਘ ਅਤੇ ਭਤੀਜੀ ਅੰਮਿ੍ਤਾ ਕੌਰ ਅਤੇ ਉਸ ਦੀ ਪਤਨੀ ਸਹਿਨਾਜ ਕੌਰ ਗੰਭੀਰ ਜ਼ਖ਼ਮੀ ਹੋ ਗਏ | ਜਿਨ੍ਹਾਂ ਸੰਸਥਾ ਵਲੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ | ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੈਂਟ ਪੁਲਿਸ ਮੌਕੇ 'ਤੇ ਪਹੁੰਚੀ, ਜਿਨ੍ਹਾਂ ਨੇ ਸਕਾਰਪੀਓ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |