ਭਗਤਾ ਭਾਈਕਾ, 17 ਫਰਵਰੀ (ਸੁਖਪਾਲ ਸਿੰਘ ਸੋਨੀ)-ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਸੰਸਥਾ ਦੇ ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਵਲੋਂ ਪ੍ਰੋਫੈਸਰ ਪੂਰਨ ਸਿੰਘ ਸਾਹਿਤ ਸਭਾ ਦੇ ਸਹਿਯੋਗ ਨਾਲ ਪੰਜਾਬੀ ਨੁੱਕੜ ਨਾਟਕ 'ਆਖਰ ਕਦ ਤੱਕ' ਕਰਵਾਇਆ ਗਿਆ | ਇਹ ਪ੍ਰੋਗਰਾਮ ਕਾਲਜ ਪਿ੍ੰਸੀਪਲ ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ ਹੋਇਆ | ਭਾਈ ਮੰਨਾ ਸਿੰਘ ਰੰਗਮੰਚ ਭਗਤਾ ਭਾਈਕਾ ਦੀ ਨਾਟਕੀ ਟੀਮ ਵਲੋਂ ਸੁਖਵਿੰਦਰ ਚੀਦਾ ਦੀ ਨਿਰਦੇਸ਼ਨਾਂ ਹੇਠ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ ਗਈ | ਨਾਟਕ ਦਾ ਵਿਸ਼ਾ ਸਾਡੇ ਸਮਾਜ ਵਿਚ ਕੋਹੜ ਵਾਂਗ ਫੈਲ ਰਹੀ ਨਸ਼ਾਖੋਰੀ ਦੀ ਆਦਤ ਦੇ ਵਿਰੁੱਧ ਜਾਗਰੂਕ ਕਰਨ ਨਾਲ ਸਬੰਧਿਤ ਸੀ | ਇਸ ਟੀਮ ਦੇ ਮੈਂਬਰ ਡਾ. ਸੁਖਦਰਸ਼ਨ ਭਗਤਾ, ਸੁਖਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਹੈਪੀ ਭਗਤਾ ਵਲੋਂ ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਵਿਚ ਫੈਲ ਰਹੀ ਨਸ਼ੇ ਦੀ ਬਿਮਾਰੀ ਪ੍ਰਤੀ ਚੇਤਨ ਕਰਨ ਦੇ ਉਦੇਸ਼ ਨਾਲ ਇਸ ਨਾਟਕ ਦੀ ਪੇਸ਼ਕਾਰੀ ਬੜੀ ਸ਼ਿੱਦਤ ਨਾਲ ਕੀਤੀ ਜਾਂਦੀ ਹੈ | ਸੰਸਥਾ ਵਿਚ ਸਮੂਹ ਟੀਚਿੰਗ ਸਟਾਫ਼/ਨਾਨ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਨਾਟਕ ਨੂੰ ਬੜੇ ਉਤਸ਼ਾਹ ਨਾਲ ਦੇਖਿਆ ਗਿਆ | ਇਸ ਨਾਟਕ ਟੀਮ ਵਲੋਂ ਸੰਸਥਾ ਦੇ ਵਿਦਿਆਰਥੀਆਂ ਨੂੰ ਨਾਟਕ ਪੇਸ਼ਕਾਰੀ ਦੀ ਸਿਖਲਾਈ ਦੇਣ ਲਈ ਵਰਕਸ਼ਾਪ ਲਗਵਾਉਣ ਦਾ ਭਰੋਸਾ ਵੀ ਦਿੱਤਾ ਗਿਆ | ਕਾਲਜ ਪਿ੍ੰਸੀਪਲ ਡਾ: ਸਤਿੰਦਰ ਕੌਰ ਮਾਨ ਅਤੇ ਸਮੂਹ ਸਟਾਫ਼ ਵਲੋਂ ਨਾਟਕ ਟੀਮ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਅਤੇ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ |