ਰਾਮਾਂ ਮੰਡੀ, 18 ਫਰਵਰੀ (ਤਰਸੇਮ ਸਿੰਗਲਾ)-ਜਦੋਂ ਕਦੇ ਵੀ ਸਰਕਾਰਾਂ ਵਲੋਂ ਲੋਕਾਂ ਦੇ ਹਿੱਤਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਂਗਰਸ ਪਾਰਟੀ ਨੇ ਲੋਕ ਹਿੱਤਾਂ ਦੀ ਲੜਾਈ ਅੱਗੇ ਹੋ ਕੇ ਲੜੀ ਹੈ ਤੇ ਮੌਜੂਦਾ ਸਮੇਂ ਵੀ ਭਾਂਵੇ ਮਨਰੇਗਾ ਕਾਮਿਆਂ ਦਾ ਮਸਲਾ ਹੋਵੇ ਜਾਂ ਫਿਰ ਸੂਬੇ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਦਾ, ਕੇਵਲ ਕਾਂਗਰਸ ਪਾਰਟੀ ਹੀ ਲੜਾਈ ਲੜਦੀ ਨਜ਼ਰ ਆ ਰਹੀ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ 'ਚ ਪਿਛਲੇ ਸਮੇਂ ਤੋਂ ਰਾਜਸੀ ਤੌਰ 'ਤੇ ਸਰਗਰਮ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਕੀਤਾ | ਉਹ ਪਿੰਡ ਸੁਖਲੱਧੀ ਵਿਖੇ ਇਕ ਜਨਤਕ ਸਮਾਗਮ 'ਚ ਸ਼ਮੂਲੀਅਤ ਕਰਨ ਪੁੱਜੇ ਸਨ, ਨੇ ਬਾਅਦ 'ਚ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਜਦੋਂ ਮਨਰੇਗਾ ਕਾਨੂੰਨ ਖ਼ਤਮ ਕਰਕੇ ਨਵਾਂ ਕਾਨੂੰਨ ਲਾਗੂ ਕੀਤਾ ਤਾਂ ਉਸ ਸਮੇਂ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਨੇ ਨਾ ਕੇਵਲ ਉਨ੍ਹਾਂ ਦੇ ਹੱਕ 'ਚ ਹਾਅ ਦਾ ਨਾਹਰਾ ਮਾਰਿਆ ਸਗੋਂ ਕੌਮੀ ਆਗੂ ਰਾਹੁਲ ਗਾਂਧੀ ਅਤੇ ਮੱਲਿਕਾ ਅਰਜੁਨ ਖੜਗੇ ਦੀ ਅਗਵਾਈ ਹੇਠ ਮਨਰੇਗਾ ਦੀ ਬਹਾਲੀ ਲਈ ਜ਼ੋਰਦਾਰ ਸੰਘਰਸ਼ ਵੀ ਵਿੱਢਿਆ | ਉਸੇ ਤਰ੍ਹਾਂ ਹੁਣ ਜਦੋਂ ਅਮਨ ਕਾਨੁੰੂਨ ਦੀ ਵਿਗੜ ਰਹੀ ਸਥਿੱਤੀ ਕਾਰਨ ਸੂਬੇ 'ਚ ਜੰਗਲ ਰਾਜ ਵਰਗੇ ਹਾਲਾਤ ਬਣ ਗਏ ਹਨ ਤਾਂ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਕਾਂਗਰਸ ਪਾਰਟੀ ਵੱਡੇ ਪੱਧਰ 'ਤੇ ਰੋਸ ਮਾਰਚ ਕੱਢ ਰਹੀ ਹੈ | ਸਿੱਧੂ ਨੇ ਦਾਅਵਾ ਕੀਤਾ ਕਿ ਲੋਕ ਵੀ ਸਮਝ ਚੁੱਕੇ ਹਨ ਕਿ ਉਨ੍ਹਾਂ ਦੀ ਲੜਾਈ ਕੇਵਲ ਕਾਂਗਰਸ ਲੜਦੀ ਹੈ ਤੇ 2027 'ਚ ਲੋਕ ਕਾਂਗਰਸ ਦੇ ਹੱਕ 'ਚ ਫਤਵਾ ਦੇਣਗੇ | ਇਸ ਮੌਕੇ ਜਸਪਾਲ ਸਿੰਘ ਪਾਲਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ, ਮਨਜੀਤ ਸਿੰਘ ਸ਼ਿੰਪੀ ਸਾਬਕਾ ਚੇਅਰਮੈਨ, ਜੱਗਾ ਸਿੰਘ ਬੰਗੀ, ਗੁਰਵਿੰਦਰ ਸਿੰਘ ਦੁੱਨੇਵਾਲਾ, ਜੁਗਰਾਜ ਸਿੰਘ ਫੱਲੜ, ਲਾਭ ਸਿੰਘ ਰਾਮਸਰਾ, ਹਰਪਾਲ ਗਿੱਲ ਗਾਟਵਾਲੀ, ਸੁਖਦੀਪ ਸਿੰਘ ਕਣਕਵਾਲ ਆਦਿ ਮੌਜੂਦ ਸਨ |
ਕਾਂਗਰਸ ਪਾਰਟੀ ਨੇ ਲੋਕ ਹਿਤਾਂ ਦੀ ਲੜਾਈ ਹਮੇਸ਼ਾ ਅੱਗੇ ਹੋ ਕੇ ਲੜੀ-ਗੁਰਬਾਜ਼ ਸਿੰਘ ਸਿੱਧੂ
ਅਜੀਤ ਡੈਸਕ
19-02-2026