16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਬਠਿੰਡਾ 'ਚ ਵਾਪਰੀ ਬੇਅਦਬੀ ਦੀ ਘਟਨਾ, ਗਲੀ 'ਚੋਂ ਖਿੱਲਰੇ ਮਿਲੇ ਗੁਟਕਾ ਸਾਹਿਬ ਦੇ ਅੰਗ

ਅਜੀਤ ਡੈਸਕ 03-03-2026
ਬਠਿੰਡਾ, 2 ਮਾਰਚ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਵਿਚ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਗੁਟਕਾ ਸਾਹਿਬ ਦੇ ਕੁਝ ਅੰਗ ਗਲੀ 'ਚੋਂ ਖਿੱਲਰੇ ਹੋਏ ਮਿਲੇ ਹਨ | ਘਟਨਾ ਦਾ ਪਤਾ ਲੱਗਦਿਆਂ ਹੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਭੋਲਾ ਸਿੰਘ ਆਪਣੀ ਟੀਮ ਨਾਲ ਪੁੱਜੇ | ਪੁਲਿਸ ਨੇ ਮਾਮਲਾ ਦਰਜ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ |
ਬਾਬਾ ਦੀਪ ਸਿੰਘ ਨਗਰ ਵਿਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੇਵ ਸਿੰਘ ਨੇ ਦੱਸਿਆ ਕਿ ਉਹ ਬੀਤੀ 28 ਫਰਵਰੀ ਨੂੰ ਗੁਰੁ ਘਰ ਵਿਖੇ ਨਤਮਸਤਕ ਹੋਣ ਉਪਰੰਤ ਜਦੋਂ ਘਰ ਪਹੁੰਚੇ ਤਾਂ ਕੁਝ ਸਮੇਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੁਲਦੀਪ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਕੁਝ ਸੰਗਤਾਂ ਗੁਰੂ ਘਰ ਦੇ ਨੇੜੇ ਇਕ ਗਲੀ ਵਿਚ ਪਾੜ ਕੇ ਸੁੱਟੇ ਗਏ ਗੁਟਕਾ ਸਾਹਿਬ ਦੇ ਕੁੱਝ ਅੰਗ ਲੈ ਕੇ ਆਈਆਂ ਹਨ, ਜਿਸ ਬਾਅਦ ਉਨ੍ਹਾਂ ਤੁਰੰਤ ਕਮੇਟੀ ਮੈਂਬਰਾਂ ਨਾਲ ਘਟਨਾ ਸਥਾਨ 'ਤੇ ਪੜਤਾਲ ਕੀਤੀ ਅਤੇ ਸੀ.ਸੀ.ਟੀ.ਵੀ. ਕੈਮਰੇ ਖੰਘਾਲੇ ਪਰ ਇਹ ਘਟਨਾ ਕਾਫੀ ਦੂਰੀ 'ਤੇ ਵਾਪਰਨ ਕਰਕੇ ਕੈਮਰਿਆਂ 'ਚ ਕੈਦ ਨਹੀਂ ਹੋ ਸਕੀ | ਇਸ ਬਾਅਦ ਉਨ੍ਹਾਂ ਨਗਰ ਦੇ ਕੌਂਸਲਰ, ਪੁਲਿਸ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੂਚਨਾ ਦਿੱਤੀ |
ਇਸ ਸਬੰਧੀ ਸੂਚਨਾ ਮਿਲਣ ਉਪਰੰਤ ਘਟਨਾ ਸਥਾਨ 'ਤੇ ਪੁੱਜੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੇਅਦਬੀ ਏਜੰਸੀਆਂ ਕਰਵਾ ਰਹੀਆਂ ਹਨ ਤੇ ਅਜਿਹਾ ਜਾਣਬੁੱਝ ਕੇ ਕੀਤਾ ਜਾ ਰਿਹਾ, ਸਿੱਖ ਕੌਮ 'ਤੇ ਵਾਰ-ਵਾਰ ਹਮਲੇ ਕਰਕੇ ਉਨ੍ਹਾਂ 'ਚ ਡਰ ਪੈਦਾ ਕੀਤਾ ਜਾ ਰਿਹਾ ਹੈ ਤੇ ਇਹ ਸਿੱਖਾਂ ਨੂੰ ਆਪਣੇ ਧਰਮ ਤੋਂ ਦੂਰ ਕਰਨ ਦੀ ਚਾਲ ਹੈ | ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਸਬੰਧੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਭੋਲਾ ਸਿੰਘ ਦੀ ਅਗਵਾਈ 'ਚ ਜਾਂਚ ਕਮੇਟੀ ਬਣਾ ਦਿੱਤੀ ਹੈ ਤੇ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਨੂੰ ਤੁਰੰਤ ਪੜਤਾਲ ਕਰਕੇ ਸਖ਼ਤ ਕਾਰਵਾਈ ਕਰਨ ਲਈ ਕਿਹਾ | ਇਸ ਸਬੰਧੀ ਥਾਣਾ ਕੈਨਾਲ ਕਾਲੋਨੀ ਦੇ ਮੁੱਖ ਅਧਿਕਾਰੀ ਇੰਸਪੈਕਟਰ ਹਰਜੋਤ ਸਿੰਘ ਦਾ ਕਹਿਣਾ ਸੀ ਕਿ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਦਿਆਂ ਉਨ੍ਹਾਂ ਦੀ ਭਾਲ ਤੇ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਹਨ |
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿਖੇ 7 ਰੋਜ਼ਾ ਕੈਂਪ ਦੀ ਕੀਤੀ ਨੁਮਾਇੰਦਗ... ਅਗਲੀ ਖ਼ਬਰ ਖ਼ਜ਼ਾਨੇ ਦੀ ਦੁਰਵਰਤੋਂ ਨਾਲ ਪੰਜਾਬ ਸਿਰ ਚੜਿ੍ਹਆ 4.50 ਲੱਖ ਕਰੋੜ ਦਾ ਕਰਜ਼ਾ-ਹਰਸਿਮਰਤ ਕੌਰ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।