12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਕੌਮਾਂਤਰੀ 'ਮਾਂ' ਦਿਵਸ ਨੂੰ ਸਮਰਪਿਤ: ਮਾਂਵਾਂ ਠੰਢੀਆਂ ਛਾਵਾਂ ਹੁੰਦੀਆਂ, ਸਾਰਾ ਆਲਮ ਕਹਿੰਦਾ...

ਅਜੀਤ ਡੈਸਕ 11-05-2026
'ਮਾਂ' ਦਾ ਰੁਤਬਾ 'ਰੱਬ' ਦੇ ਸਮਾਨ ਮੰਨਿਆ ਜਾਂਦਾ ਹੈ ਕਿਉਂਕਿ 'ਮਾਂ' ਆਪਣੇ ਬੱਚਿਆਂ ਲਈ ਹਰ ਦੁੱਖ ਸਹਾਰ ਕੇ ਵੀ ਉਨ੍ਹਾਂ ਦੇ ਚਿਹਰੇ 'ਤੇ ਖ਼ੁਸ਼ੀਆਂ ਦੇਖਣਾ ਚਾਹੁੰਦੀ ਹੈ ¢ 'ਮਾਂ' ਦਾ ਪਿਆਰ, ਤਿਆਗ ਅਤੇ ਅਸੀਸਾਂ ਹੀ ਇਨਸਾਨ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਹੁੰਦੀਆਂ ਹਨ ¢ 'ਮਾਂ' ਦੀਆਂ ਕੁਰਬਾਨੀਆਂ ਸਦਕਾ ਬੱਚੇ ਬੁਲੰਦੀਆਂ 'ਤੇ ਪਹੁੰਚਦੇ ਹਨ | ਇਸ ਕਰਕੇ ਕਿਹਾ ਜਾਂਦਾ ਕਿ ਕੋਈ ਵੀ ਵਿਅਕਤੀ ਕਿੰਨਾ ਵੀ ਵੱਡਾ ਰੁਤਬਾ ਹਾਸਲ ਕਰ ਲਏ ਪਰ ਉਹ 'ਮਾਂ' ਦੀ ਦੇਣ ਸਾਰੀ ਉਮਰ ਨਹੀਂ ਦੇ ਸਕਦਾ | 'ਮਾਂ ਦਿਵਸ ਨੂੰ ਸਮਰਪਿਤ ਕੁਝ ਸ਼ਖ਼ਸੀਅਤਾਂ ਨੇ ਆਪਣੀਆਂ ਮਾਂਵਾਂ ਪ੍ਰਤੀ ਵਿਚਾਰ ਸਾਂਝੇ ਕੀਤੇ ਹਨ, ਜੋ ਹੇਠ ਲਿਖੇ ਅਨੁਸਾਰ ਹਨ |
'ਮਾਂ' ਦਾ ਸੰਘਰਸ਼ ਤੇ ਜਜ਼ਬਾ ਮੇਰੀ ਜ਼ਿੰਦਗੀ ਦਾ ਸਰਮਾਇਆ- ਜਸ਼ਨੂਰ ਸਿੰਘ ਗਿੱਲ
ਐਮ.ਐਸ.ਸੀ (ਆਈ.ਟੀ.) ਤੇ ਬੀ.ਐੱਡ ਪਾਸ ਨੌਜਵਾਨ ਜਸ਼ਨੂਰ ਸਿੰਘ ਗਿੱਲ ਨੇ 'ਮਾਂ' ਦਿਵਸ ਮੌਕੇ ਆਪਣੀ ਮਾਤਾ ਜਸਵਿੰਦਰ ਕੌਰ ਦੇ ਸੰਘਰਸ਼, ਹੌਸਲੇ ਅਤੇ ਮਮਤਾ ਨੂੰ ਯਾਦ ਕਰਦਿਆਂ ਕਿਹਾ ਕਿ 'ਮਾਂ' ਨੇ ਜ਼ਿੰਦਗੀ ਵਿਚ ਬਹੁਤ ਦੁੱਖ ਝੱਲੇ, ਔਖਾ ਸਮਾਂ ਵੇਖਿਆ, ਪਰ ਕਦੇ ਵੀ ਹਾਰ ਨਹੀਂ ਮੰਨੀ ¢ ਬਚਪਨ ਤੋਂ ਹੀ ਗੁਰਬਾਣੀ ਨਾਲ ਜੁੜੇ ਹੋਣ ਕਾਰਨ ਉਨ੍ਹਾਂ 'ਚ ਸਬਰ, ਸੰਤੋਖ, ਨਿਮਰਤਾ ਅਤੇ ਹਿੰਮਤ ਵਰਗੇ ਗੁਣ ਵੱਸਦੇ ਹਨ ¢ ਜਸ਼ਨੂਰ ਦੱਸਦਾ ਕਿ ਮਾਤਾ ਜਸਵਿੰਦਰ ਕੌਰ ਦਾ ਅਸਲੀ ਸੰਘਰਸ਼ ਸਾਲ 2011 ਵਿਚ ਸ਼ੁਰੂ ਹੋਇਆ, ਜਦੋਂ ਇਕ ਸੜਕ ਹਾਦਸੇ ਵਿਚ ਉਨ੍ਹਾਂ ਦੇ ਪਿਤਾ ਗੁਰਪ੍ਰੀਤ ਸਿੰਘ ਗਿੱਲ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ¢ ਹਾਦਸੇ ਵਿਚ ਮਾਤਾ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਲਗਾਤਾਰ ਪ੍ਰਭਾਵਿਤ ਰਹੀ¢ ਇਸ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਪਰਿਵਾਰ ਦੇ ਨਾਲ-ਨਾਲ ਪਿਤਾ ਜੀ ਵਲੋਂ 1997 ਤੋਂ ਚਲਾਏ ਜਾ ਰਹੇ ਸਕੂਲ ਨੂੰ ਵੀ ਸੰਭਾਲਿਆ ¢ ਜਸ਼ਨੂਰ ਕਹਿੰਦਾ ਕਿ 'ਮਾਂ' ਦੀ ਮਿਹਨਤ ਅਤੇ ਅਸੀਸਾਂ ਸਦਕਾ ਹੀ ਅੱਜ ਉਹ ਆਪਣੇ ਪਿਤਾ ਜੀ ਦੇ ਸਕੂਲ ਨੂੰ ਹੋਰ ਉਚਾਈਆਂ ਤੱਕ ਲੈ ਜਾਣ ਵਿਚ ਯੋਗ ਹੋਏ ਹਾਂ ¢
ਵਲੋਂ:- ਅੰਮਿ੍ਤਪਾਲ ਸਿੰਘ ਵਲ੍ਹਾਣ,ਪੱਤਰਕਾਰ ਬਠਿੰਡਾ |
'ਮਾਂ' ਬਣੀ ਸਾਡਾ ਵਿੱਦਿਅਕ ਚਾਨਣ ਮੁਨਾਰਾ- ਲਵਲੀਨ, ਪਲਕ ਤੇ ਕਾਜਲ
'ਮਾਂ' ਸਿਰਫ਼ ਪਰਿਵਾਰ ਦੀ ਸੰਭਾਲ ਹੀ ਨਹੀਂ ਕਰਦੀ, ਸਗੋਂ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੰਦੀ ਹੈ ¢ ਅਜਿਹੀ ਹੀ ਪ੍ਰੇਰਣਾਦਾਇਕ ਮਿਸਾਲ ਹਨ ਦਰਸ਼ਨਾ ਕੁਮਾਰੀ, ਜੋ ਬਤੌਰ ਸਿੱਖਿਆ ਕਰਮੀ ਅਧਿਆਪਕਾ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਆਪਣੇ ਬੱਚਿਆਂ ਲਈ ਘਰ ਵਿਚ ਵੀ ਵਿੱਦਿਅਕ ਚਾਨਣ ਮੁਨਾਰਾ ਬਣੀ ਹੋਈ ਹੈ¢ ਉਨ੍ਹਾਂ ਦੀ ਸਭ ਤੋਂ ਛੋਟੀ ਧੀ ਲਵਲੀਨ ਨੇ ਦਸਵੀਂ ਕਲਾਸ ਦੀ ਪ੍ਰੀਖਿਆ 'ਚ 97.08 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਭਰ ਦੀ ਮੈਰਿਟ ਵਿਚ ਸਥਾਨ ਹਾਸਲ ਕੀਤਾ ਸੀ ਅਤੇ ਹੁਣ ਉਹ ਬੀ.ਐਸ.ਸੀ ਨਾਨ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ¢ ਵੱਡੀ ਧੀ ਪਲਕ ਵੀ ਐਮ.ਐਸ.ਸੀ ਮੈਥ ਕਰ ਰਹੀ ਹੈ, ਜਦਕਿ ਤੀਸਰੀ ਧੀ ਕਾਜਲ ਅੱਜਕੱਲ੍ਹ ਬੀ.ਐਸ.ਸੀ ਆਨਰਜ਼ (ਕੈਮਿਸਟਰੀ) ਦੀ ਪੜ੍ਹਾਈ ਕਰ ਰਹੀ ਹੈ¢ ਪਰਿਵਾਰ ਦਾ ਸਭ ਤੋਂ ਛੋਟਾ ਮੈਂਬਰ ਨਰਿੰਦ ਸਿੰਘ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਦੀ ਅੱਠਵੀਂ ਕਲਾਸ ਵਿਚੋਂ ਸਿਖਰਲੇ ਅੰਕ ਹਾਸਲ ਕਰਕੇ ਇਨਾਮ ਜਿੱਤ ਚੁੱਕਾ ਹੈ ¢ ਬੇਟੀ ਲਵਲੀਨ, ਪਲਕ ਤੇ ਕਾਜਲ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਹਰ ਰੋਜ਼ ਸਵੇਰੇ 4 ਵਜੇ ਉੱਠ ਕੇ ਘਰ ਦਾ ਸਾਰਾ ਕੰਮ ਸੰਭਾਲਦੀ ਹੈ, ਫਿਰ ਸਕੂਲ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਜਾਂਦੇ ਹਨ ¢ ਇਸ ਦੇ ਬਾਵਜੂਦ ਉਹ ਸਾਡੀ ਪੜ੍ਹਾਈ ਵੱਲ ਪੂਰਾ ਧਿਆਨ ਦਿੰਦੇ ਹਨ ਅਤੇ ਹਰ ਵੇਲੇ ਹੋਰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ¢
ਵਲੋਂ:- ਗੁਰਦਰਸ਼ਨ ਸਿੰਘ ਲੁੱਧੜ, ਪੱਤਰਕਾਰ ਨਥਾਣਾ |
'ਮਾਂ' ਨੇ ਆਪਣੇ ਸੁਪਨੇ ਤਿਆਗ ਕੇ ਮੇਰੇ ਸੁਪਨਿਆਂ ਨੂੰ 'ਪੰਖ' ਦਿੱਤੇ- ਗੁਰਕਿਰਨਦੀਪ ਸਿੰਘ ਸਿੱਧੂ
ਪਿੰਡ ਪੂਹਲਾ ਦੇ ਜੰਮਪਲ ਗੁਰਕਿਰਨਦੀਪ ਸਿੰਘ ਸਿੱਧੂ ਜੋ ਬਤੌਰ ਐਸ.ਡੀ.ਐਮ., ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਨੇ 'ਮਾਂ' ਦਿਵਸ ਮੌਕੇ ਆਪਣੀ ਮਾਤਾ ਬਲਜੀਤ ਕੌਰ ਸਿੱਧੂ ਨੂੰ ਦਿਲੋਂ ਨਮਨ ਕਰਦਿਆਂ ਕਿਹਾ ਕਿ ਬੇਸ਼ੱਕ ਉਹ ਖ਼ੁਦ ਘੱਟ ਪੜ੍ਹੇ-ਲਿਖੇ ਸਨ, ਪਰ ਅੰਤਾਂ ਦੀ ਆਰਥਿਕ ਤੰਗੀ ਦੇ ਬਾਵਜੂਦ ਉਨ੍ਹਾਂ ਨੇ ਮੈਨੂੰ ਹਮੇਸ਼ਾ ਹੌਸਲਾ ਰੱਖਣ, ਪੜ੍ਹਨ ਅਤੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ¢ ਸ਼ਾਇਦ ਮੇਰੀ 'ਮਾਂ' ਨੂੰ ਘੱਟ ਪੜ੍ਹਨ ਦਾ ਮੌਕਾ ਮਿਲਿਆ, ਇਸ ਲਈ ਉਨ੍ਹਾਂ ਨੇ ਮੈਨੂੰ ਹਮੇਸ਼ਾ ਪੜ੍ਹਾਈ ਦੀ ਮਹੱਤਤਾ ਸਮਝਾਈ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ¢ ਉਨ੍ਹਾਂ ਦੇ ਯਤਨਾਂ ਸਦਕਾ ਮੈਂ ਹਰ ਕਲਾਸ ਵਧੀਆ ਨੰਬਰਾਂ ਨਾਲ ਪਾਸ ਕੀਤੀ ¢ ਮੇਰੇ ਪਿਤਾ ਜੀ ਦੀ ਅਚਾਨਕ ਅਤੇ ਦੁਖਦਾਈ ਮੌਤ ਨਾਲ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ, ਪਰ ਮੇਰੀ ਸਿਰੜੀ ਅਤੇ ਸਿਦਕਵਾਨ 'ਮਾਂ' ਨੇ ਕਦੇ ਹੌਸਲਾ ਨਹੀਂ ਛੱਡਿਆ¢ ਮੇਰੀ 'ਮਾਂ' ਨੇ ਖੇਤਾਂ ਵਿਚ ਸਖ਼ਤ ਮਿਹਨਤ ਕੀਤੀ, ਨਾਲ ਹੀ ਸਿਲਾਈ-ਕਢਾਈ ਦਾ ਕੰਮ ਕਰਕੇ ਵੀ ਘਰ ਦੀ ਜ਼ਿੰਮੇਵਾਰੀ ਨਿਭਾਈ¢ ਆਪਣੀਆਂ ਸਖ਼ਤ ਮਿਹਨਤਾਂ ਸਦਕਾ ਉਨ੍ਹਾਂ ਮੇਰੀ ਪੜ੍ਹਾਈ ਨੂੰ ਜਾਰੀ ਰੱਖਿਆ ਅਤੇ ਨਾਲ ਹੀ ਮੇਰੇ ਬਿਮਾਰ ਪਿਤਾ ਜੀ ਦੀ ਲੰਬੇ ਸਮੇਂ ਤੱਕ ਪੂਰੇ ਸਮਰਪਿਤ ਰਹਿ ਕੇ ਸੇਵਾ ਵੀ ਕੀਤੀ ¢ ਮੇਰੀ 'ਮਾਂ' ਨੇ ਆਪਣੇ ਸੁਪਨੇ ਤਿਆਗ ਕੇ ਮੇਰੇ ਸੁਪਨਿਆਂ ਨੂੰ ਪੰਖ ਦਿੱਤੇ¢ 'ਮਾਂ' ਦੀ ਮਿਹਨਤ ਅਤੇ ਅਸੀਸਾਂ ਸਦਕਾ ਸਾਲ 2025 ਵਿਚ ਪੰਜਾਬ ਪਬਲਿਕ ਸਿਵਲ ਸਰਵਿਸ ਦੀ ਵੱਕਾਰੀ ਅਤੇ ਔਖੀ ਪ੍ਰੀਖਿਆ ਵਿਚ ਪੂਰੇ ਪੰਜਾਬ ਵਿਚੋਂ ਦੂਜਾ ਸਥਾਨ ਹਾਸਲ ਕੀਤਾ ¢ ਮੈਂ ਖ਼ੁਦ ਨੂੰ ਬਹੁਤ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਸਰਦਾਰਨੀ ਪ੍ਰਭਸ਼ਰਨਜੀਤ ਕੌਰ ਸਿੱਧੂ (ਤਾਈ ਜੀ) ਦੇ ਰੂਪ ਵਿਚ ਦੂਜੀ 'ਮਾਂ' ਮਿਲੀ, ਜਿਨ੍ਹਾਂ ਨੇ ਮੈਨੂੰ ਆਪਣੇ ਸਕੇ ਪੁੱਤਰ ਵਾਂਗ ਪਿਆਰ ਦਿੱਤਾ ¢
ਵਲੋਂ- ਗੁਰਦਰਸ਼ਨ ਸਿੰਘ ਲੁੱਧੜ, ਪੱਤਰਕਾਰ ਨਥਾਣਾ |
'ਮਾਂ' ਦੀ ਅਣਥੱਕ ਮਿਹਨਤ ਸਦਕਾ ਡਾਕਟਰ ਬਣਨ ਦਾ ਸੁਪਨਾ ਹੋਇਆ ਸਾਕਾਰ- ਡਾ. ਆਦੇਸ਼ ਪ੍ਰਤਾਪ ਸਿੰਘ
ਪਿੰਡ ਬਾਲਿਆਂਵਾਲੀ ਦੇ ਸਧਾਰਨ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਿਤ ਡਾ. ਆਦੇਸ਼ ਪ੍ਰਤਾਪ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਆਪਣੀ 'ਮਾਂ' ਜਸਦੀਪ ਕੌਰ ਰੰਧਾਵਾ ਦੀ ਅਣਥੱਕ ਮਿਹਨਤ ਅਤੇ ਹੱਲਾਸ਼ੇਰੀਆਂ ਸਦਕਾ ਉਸ ਨੇ ਡਾਕਟਰੀ ਪੜ੍ਹਾਈ ਕੀਤੀ ਹੈ ਅਤੇ ਆਪਣੇ ਅਤੇ ਆਪਣੀ 'ਮਾਂ' ਦੇ ਸੁਪਨੇ ਨੂੰ ਸਾਕਾਰ ਕੀਤਾ | ਆਦੇਸ਼ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ 'ਮਾਂ' ਦੇ ਚੰਗੇ ਪੜ੍ਹੇ-ਲਿਖੇ ਹੋਣ ਦਾ ਉਸ ਨੂੰ ਪੂਰਾ ਫ਼ਾਇਦਾ ਮਿਲਿਆ, ਉਹ ਹਰ ਕਦਮ 'ਤੇ ਉਸ ਦੇ ਚਾਨਣ ਮੁਨਾਰਾ ਬਣੇ ਰਹੇ, ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਰਹੇ | ਇਕ 'ਮਾਂ' ਦੇ ਨਾਲ-ਨਾਲ ਉਹ ਇਕ ਦੋਸਤ ਅਤੇ ਅਧਿਆਪਕ ਵਾਂਗ ਵੀ ਉਸ ਦੀ ਰਹਿਨੁਮਾਈ ਕਰਦੇ ਰਹੇ¢ ਇਥੋ ਤੱਕ ਮਾਤਾ ਜਸਦੀਪ ਕੌਰ ਰੰਧਾਵਾ ਨੇ ਉਸ ਨੂੰ ਡਾਕਟਰ ਬਣਾਉਣ ਲਈ ਰਾਤਾਂ ਦੀ ਨੀਂਦ ਤੱਕ ਤਿਆਗ ਦਿੱਤੀ¢ ਇਹ ਵੀ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਆਪਣੇ ਪੁੱਤਰ ਨੂੰ ਮਨੁੱਖਤਾ ਦੀ ਸੇਵਾ ਕਰਨ ਵਾਲਾ ਡਾਕਟਰ ਬਣਾਉਣਾ ਤਾਂ ਜੋ ਉਹ ਲੋੜਵੰਦ ਮਰੀਜ਼ਾਂ ਦਾ ਇਲਾਜ ਕਰ ਸਕੇ ¢ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਹਰ ਪੜਾਅ 'ਤੇ ਮੇਰਾ ਪੂਰਨ ਸਾਥ ਦਿੱਤਾ ਅਤੇ ਅੱਜ ਉਹ ਐਮ.ਬੀ.ਬੀ.ਐਸ ਦੀ ਪੜ੍ਹਾਈ ਪੂਰੀ ਕਰ ਡਾਕਟਰ ਬਣਨ ਦਾ ਮਾਣ ਹਾਸਲ ਕਰ ਚੁੱਕਿਆ ਹੈ ¢ ਡਾ. ਆਦੇਸ਼ ਪ੍ਰਤਾਪ ਆਪਣੀ ਕਾਮਯਾਬੀ ਪਿੱਛੇ ਮਾਤਾ ਤੋਂ ਇਲਾਵਾ ਪਿਤਾ ਇੰਦਰਜੀਤ ਸਿੰਘ ਰੰਧਾਵਾ ਦਾ ਵੀ ਪੂਰਨ ਯੋਗਦਾਨ ਮੰਨਦਾ ਹੈ |
ਪੇਸ਼ਕਸ਼:- ਕੁਲਦੀਪ ਮਤਵਾਲਾ ,ਪੱਤਰਕਾਰ ਬਾਲਿਆਂਵਾਲੀ |
ਪਿਛਲੀ ਖ਼ਬਰ ਸਰਕਾਰਾਂ ਵਲੋਂ ਵਪਾਰੀਆਂ ਨੂੰ ਇੰਸਪੈਕਟਰੀ ਰਾਜ ਖ਼ਤਮ ਕਰਨ ਦੇ ਵਾਅਦੇ ਖੋਖਲੇ- ਮਹੇਸ਼ ਬਿੰਦਰ <br/> ਅਗਲੀ ਖ਼ਬਰ ਬਠਿੰਡਾ ਰੇਲਵੇ ਸਟੇਸ਼ਨ ਦੀ ਕਾਇਆ-ਕਲਪ ਲਈ 102 ਕਰੋੜ ਮਨਜ਼ੂਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।