* ਲੋਕਾਂ ਨੂੰ ਘਰਾਂ ’ਚ ਤਾੜ ਕੇ ਪੁਲਿਸ ਦੀ ਡਾਂਗਾਂ ਦੀ ਛਾਂ ਹੇਠਾਂ ਲੋਕ ਮਿਲਣੀ ਕਹਿਣਾ ਹਾਸੋਹੀਣਾ ਡਰਾਮਾ- ਕਾਕਾ ਸਿੰਘ ਕੋਟੜਾ * ਅੱਤ ਦੀ ਗਰਮੀ ਤੇ ਤਪਦੀਆਂ ਸੜਕਾਂ ’ਤੇ ਪਿੰਡ ਭੂੰਦੜ ਤੇ ਢੱਡੇ ਵਿਖੇ ਧਰਨੇ ਲਗਾ ਕੇ ਕੀਤੀ ਨਾਅਰੇਬਾਜ਼ੀ
ਬਾਲਿਆਂਵਾਲੀ, 23 ਜੂਨ (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਮੰਡੀ ਕਲਾਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰੱਖੀ ਗਈ ਲੋਕ ਮਿਲਣੀ ਦੇ ਸਮੇਂ ਤੋਂ ਪਹਿਲਾਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਕਿਸਾਨਾਂ ਦੇ ਮਸਲਿਆਂ ਸੰਬੰਧੀ ਮੁੱਖ ਮੰਤਰੀ ਦਾ ਵਿਰੋਧ ਕਰਦਿਆਂ ਰੋਸ ਵਜੋਂ ਧਰਨਾ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਭਾਕਿਯੂ ਸਿੱਧੂਪੁਰ ਵਲੋਂ ਦੋ ਦਿਨ ਪਹਿਲਾਂ ਹੀ ਮੁੱਖ ਮੰਤਰੀ ਦੇ ਸੱਥ ਪ੍ਰੋਗਰਾਮ ਦਾ ਵਿਰੋਧ ਕਰਨ ਬਾਰੇ ਗੁਰੂ ਘਰ ਤੋਂ ਮੁਨਾਦੀ ਕਰ ਦਿੱਤੀ ਸੀ। ਇਸ ਸਬੰਧੀ ਭਾਕਿਯੂ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਤੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਜ਼ਿਲ੍ਹਾ ਰੇਸ਼ਮ ਸਿੰਘ ਯਾਤਰੀ ਅਤੇ ਲਖਵੀਰ ਸਿੰਘ ਖੋਖਰ ਬਲਾਕ ਆਗੂ, ਬਲਰਾਜ ਸਿੰਘ ਬਾਜਾ ਇਕਾਈ ਪ੍ਰਧਾਨ, ਸਾਬਕਾ ਸਰਪੰਚ ਸੁਖਦੇਵ ਸਿੰਘ ਮੰਡੀ ਕਲਾਂ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਮੁੱਖ ਮੰਤਰੀ ਪੰਜਾਬ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ, ਪਰ ਕਿਸਾਨ ਅੰਦੋਲਨ ਸਮੇਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕੀਤੀ ਗਈਆਂ ਸਨ ਜੋ ਕਿ ਸਰਕਾਰ ਦੇ ਨੁਮਾਇੰਦੇ ਕੋਲੋਂ ਹੀ ਬਰਾਮਦ ਹੋਈਆਂ ਸਨ। ਇਸ ਦੌਰਾਨ ਖਨੋਰੀ ਬਾਰਡਰ ਦੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਬੱਲ੍ਹੋ ਨੂੰ ਸ਼ਹੀਦ ਦਾ ਦਰਜਾ ਦੇਣ ਬਾਰੇ ਕਿਸਾਨ ਅੰਦੋਲਨ ਸਮੇਂ ਕਰੋੜਾਂ ਰੁਪਏ ਦੇ ਕਿਸਾਨਾਂ ਦੇ ਕਰਵਾਏ ਖ਼ਰਚਿਆਂ ਬਾਰੇ ਤੇ ਹੋਰ ਕਿਸਾਨੀ ਮਸਲਿਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਤੇ ਆਏ ਦਿਨ ਸੂਬਾ ਸਰਕਾਰ ਦੀ ਸ਼ਹਿ ਤੇ ਕੀਤੇ ਜਾਂਦੇ ਪੁਲਿਸ ਵਲੋਂ ਤਸ਼ੱਦਦਾਂ ਅਸੀਂ ਮੁੱਖ ਮੰਤਰੀ ਨੂੰ ਮਿਲ ਕੇ ਸਿਰਫ਼ ਗੱਲਬਾਤ ਹੀ ਕਰਨੀ ਸੀ ਜਦਕਿ ਕਿ ਅਸੀਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਦਿੱਤੀਆਂ ਗ੍ਰਾਂਟਾਂ ਨੂੰ ਰੋਕਣ ਦਾ ਸਾਡਾ ਕੋਈ ਮਕਸਦ ਨਹੀਂ ਹੈ। ਦੱਸਣਾ ਬਣਦਾ ਹੈ ਕਿ ਪੁਲਿਸ ਵਲੋਂ ਲੰਘੀ ਰਾਤ ਨੂੰ ਕਿਸਾਨਾਂ ਦੇ ਘਰਾਂ ’ਚ ਰੇਡ ਮਾਰ ਕੇ ਗ੍ਰਿਫ਼ਤਾਰ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਪ੍ਰੰਤੂ ਕਿਸਾਨ ਪੁਲਿਸ ਨੂੰ ਚਕਮਾ ਦੇ ਕੇ ਨਿਕਲ ਗਏ ਸਨ । ਅੱਜ ਭਾਕਿਯੂ ਸਿੱਧੂਪੁਰ ਦੇ ਆਗੂਆਂ ਨੇ ਮੰਡੀ ਕਲਾਂ ਪਹੁੰਚਣ ਲਈ ਪਿੰਡ ਭੂੰਦੜ ਪਹੁੰਚੇ ਤਾਂ ਭਾਰੀ ਪੁਲਿਸ ਫੋਰਸ ਨਾਲ ਪਹੁੰਚੇ ਅਧਿਕਾਰੀਆਂ ਵਲੋਂ ਗੁਰਦੁਆਰਾ ਸਾਹਿਬ ਕੋਲ ਹੀ ਰੋਕ ਲਿਆ ਸੀ। ਇਸ ਮੌਕੇ ਕਾਕਾ ਸਿੰਘ ਕੋਟੜਾ ਨੇ ਪੁਲਿਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਮੰਡੀ ਕਲਾਂ ਜਾ ਰਹੇ ਹਾਂ ਜੇਕਰ ਲਾਠੀਚਾਰਜ ਕਰਨਾ ਹੈ ਜੀ ਸਦਕੇ ਕਰੋ ਤਾਂ ਕਿਸਾਨ ਪਿੰਡ ਢੱਡੇ ਵੱਲ ਰਵਾਨਾ ਹੋ ਗਏ ਪ੍ਰੰਤੂ ਵੱਡੀ ਗਿਣਤੀ ’ਚ ਪਹੁੰਚੀ ਪੁਲਿਸ ਨੇ ਕਿਸਾਨਾਂ ਢੱਡੇ ਵਿਖੇ ਬਾਲਿਆਂਵਾਲੀ ਰੋਡ ਨੂੰ ਘੇਰ ਲਿਆ ਅਤੇ ਕਿਸਾਨਾਂ ਨੇ ਤਪਦੀ ਤੇ ਸੇਕ ਮਾਰਦੀ ਸੜਕਾਂ ਨੇ ਢੱਡੇ ਵਿਖੇ ਬਾਲਿਆਂਵਾਲੀ ਰੋਡ ’ਤੇ ਧਰਨਾ ਲਾ ਕੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਰੱਜਵਾਂ ਰੋਸ ਪ੍ਰਦਰਸ਼ਨ ਕੀਤਾ ਜਦਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੁੱਖ ਮੰਤਰੀ ਨਾਲ ਗੱਲਬਾਤ ਕਰਵਾਉਣ ਦਾ ਝਾਂਸਾ ਦੇ ਕੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੂੰ ਪੁਲਿਸ ਆਪਣੇ ਨਾਲ ਲੈ ਗਈ। ਓਧਰ ਦੂਜੇ ਪਾਸੇ ਮੁੱਖ ਮੰਤਰੀ ਦੀ ਲੋਕ ਮਿਲਣੀ ਤੋਂ ਪਹਿਲਾਂ ਲੰਘੀ ਰਾਤ ਹਲਕਾ ਮੌੜ ਦੇ ਕਈ ਪਿੰਡਾਂ ਦੇ ਗੁਰਦੁਆਰਾ ਸਾਹਿਬ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਵਾਲੇ ਪੋਸਟਰ ਲਗਾਏ ਗਏ ਕਿ ਮੁੱਖ ਮੰਤਰੀ ਗੁਰੂ ਦੋਖੀ ਅਤੇ ਪੰਥ ਵਿਰੋਧੀ ਹੈ, ਇਸ ਨੂੰ ਮੂੰਹ ਨਾ ਲਗਾਓ। ਇਸ ਸਬੰਧੀ ਅੱਜ ਸਵੇਰੇ ਮੰਗੀ ਕਲਾਂ ਵਿਖੇ ਹਲਕਾ ਵਿਧਾਇਕ ਦੀ ਹਾਜ਼ਰੀ ਆਪ ਦੇ ਵਰਕਰਾਂ ਵਲੋਂ ਪੋਸਟਰ ਪਾੜਨ ਤੇ ਵਿਧਾਇਕ ਦੀ ਤੂੰ-ਤੂੰ ਮੈਂ-ਮੈਂ ਵੀ ਹੋਈ। ਜ਼ਿਕਰਯੋਗ ਹੈ ਕਿ ਲੋਕਲ ਪੱਤਰਕਾਰਾਂ ਅਤੇ ਲੋਕਲ ਮੀਡੀਆ ਕਰਮੀਆਂ ਨੂੰ ਲੋਕ ਮਿਲਣੀ ਦੀ ਕਵਰੇਜ ਨਾ ਕਰਨ ਬਾਰੇ ਸਟੇਜ ਤੋਂ ਵੀ ਮੁਨਾਦੀ ਕੀਤੀ ਗਈ ।
ਮੁੱਖ ਮੰਤਰੀ ਮਾਨ ਦੀ ਮੰਡੀ ਕਲਾਂ ਵਿਖੇ ਲੋਕ ਮਿਲਣੀ ’ਚ ਜਾਣ ਤੋਂ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ
ਅਜੀਤ ਡੈਸਕ
24-06-2026