02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਨੇ ਰੋਸ ਮਾਰਚ ਉਪਰੰਤ ਹਲਕਾ ਵਿਧਾਇਕਾ ਰਾਹੀਂ ਸਰਕਾਰ ਨੂੰ ਭੇਜਿਆ ਚਿਤਾਵਨੀ ਪੱਤਰ

ਅਜੀਤ ਡੈਸਕ 12-07-2026

ਤਲਵੰਡੀ ਸਾਬੋ, 11 ਜੁਲਾਈ (ਰਣਜੀਤ ਸਿੰਘ ਰਾਜੂ)- ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਸਾਂਝੀ ਤਾਲਮੇਲ ਕਮੇਟੀ ਵਲੋਂ ਅੱਜ ਤਲਵੰਡੀ ਸਾਬੋ ਬਾਜ਼ਾਰਾਂ ‘ਚੋਂ ਰੋਸ ਮਾਰਚ ਕੱਢਦਿਆਂ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਰਾਹੀਂ ਮੁੱਖ ਮੰਤਰੀ ਦੇ ਨਾਂ ਇਕ ਚਿਤਾਵਨੀ ਪੱਤਰ ਭੇਜਿਆ ਗਿਆ।ਸਥਾਨਕ ਨਗਰ ਦੇ ਲੇਲੇਵਾਲਾ ਰੋਡ ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਰੋਸ ਮਾਰਚ ਆਰੰਭਿਆ ਅਤੇ ਹਲਕਾ ਵਿਧਾਇਕਾ ਦੀ ਰਿਹਾਇਸ਼ ਅੱਗੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਮੁਲਾਜ਼ਮ ਤੇ ਪੈਨਸ਼ਨਰ ਆਗੂ ਗਗਨਦੀਪ ਸਿੰਘ ਸੂਬਾ ਕਨਵੀਨਰ, ਹਰਨੇਕ ਸਿੰਘ ਗਹਿਰੀ ਜ਼ਿਲ੍ਹਾ ਪ੍ਰਧਾਨ ਪੀ.ਐਸ.ਐਸ.ਐਫ 1406, ਪ੍ਰਿੰਸੀਪਲ ਰਣਜੀਤ ਸਿੰਘ ਪੈਨਸ਼ਨਰ, ਮਨਜੀਤ ਸਿੰਘ ਧੰਜਲ ਥਰਮਲ ਪੈਨਸ਼ਨਰ, ਗੁਰਤੇਜ ਸਿੰਘ ਗਿੱਲ, ਜਗਪਾਲ ਸਿੰਘ ਬੰਗੀ ਡੀ.ਐੱਮ.ਐੱਫ, ਬਲਜਿੰਦਰ ਸਿੰਘ ਡੀ.ਟੀ.ਐੱਫ ਆਦਿ ਨੇ ਕਿਹਾ ਕਿ ਜਿਹੜੀ ਸਰਕਾਰ ਇਨਕਲਾਬ ਦੇ ਨਾਅਰਿਆਂ ਵਿਚਕਾਰ ਕਹਿੰਦੀ ਸੀ ਕਿ ਸਾਡੀ ਸਰਕਾਰ ਸਮੇਂ ਪੰਜਾਬ ਦੇ ਵਿਚ ਮੁਲਾਜ਼ਮਾਂ, ਕਿਸਾਨਾਂ/ਮਜ਼ਦੂਰਾਂ ਨੂੰ ਧਰਨਾ ਲਾਉਣ ਦੀ ਨੌਬਤ ਨਹੀਂ ਆਵੇਗੀ, ਉਸੇ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸੇ ਵੀ ਮੁਲਾਜ਼ਮ ਧਿਰ ਨਾਲ ਮੁਲਾਜ਼ਮ ਮੰਗਾਂ ਸਬੰਧੀ ਇਕ ਵੀ ਮੀਟਿੰਗ ਕਰਨੀ ਜਾਇਜ਼ ਨਹੀਂ ਸਮਝੀ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ, ਪੰਜਾਬ ਸਰਕਾਰ ਮੁਲਾਜ਼ਮਾਂ ਦਾ 18 ਫ਼ੀਸਦੀ ਡੀ.ਏ ਜੋ ਕਿ ਇਸ ਜੁਲਾਈ ‘ਚ 3 ਫ਼ੀਸਦੀ ਹੋਰ ਵਧ ਕੇ 21 ਫ਼ੀਸਦੀ ਹੋ ਜਾਣੈ, ਦੱਬੀ ਬੈਠੀ ਹੈ। ਚੋਣਾਂ ਸਮੇਂ ਪਹਿਲੀ ਕੈਬਨਿਟ ਮੀਟਿੰਗ ‘ਚ ਹੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਕੀਤਾ ਵਾਇਦਾ ਹਾਲੇ ਤੱਕ ਪੂਰਾ ਨਹੀਂ ਕੀਤਾ। ਪੈਨਸ਼ਨਰਾਂ ਲਈ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਨਹੀਂ ਕੀਤੀਆਂ, ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਭੱਤੇ, ਏ.ਸੀ.ਪੀ. ਸਕੀਮ ਤੇ ਬਹੁਤ ਸਾਰੀਆਂ ਮੁਲਾਜ਼ਮ ਮੰਗਾਂ ‘ਚੋਂ ਸਰਕਾਰ ਨੇ ਇਕ ਵੀ ਪੂਰੀ ਨਹੀਂ ਕੀਤੀ। ਇਸ ਮੌਕੇ ਮੁੱਖ ਮੰਤਰੀ ਦੇ ਨਾਂ ਚਿਤਾਵਨੀ ਪੱਤਰ ਹਲਕਾ ਵਿਧਾਇਕਾ ਦੇ ਨਿੱਜੀ ਸਹਾਇਕ ਨੂੰ ਸੌਂਪਿਆ ਗਿਆ।ਇਕੱਤਰਤਾ ਨੂੰ ਧੰਨਾ ਸਿੰਘ ਪੈਨਸ਼ਨਰ ਪਾਵਰਕਾਮ, ਆਤਮਤੇਜ ਸਿੰਘ ਪੰਜਾਬ ਪੈਨਸ਼ਨਰ, ਗੁਰਜਿੰਦਰ ਸਿੰਘ ਔਲਖ ਸਿਹਤ ਵਿਭਾਗ ਆਊਟਸੋਰਸ ਮੁਲਾਜ਼ਮ ਯੂਨੀਅਨ, ਸੁਖਮੰਦਰ ਧਾਲੀਵਾਲ ਜਮਹੂਰੀ ਕਿਸਾਨ ਸਭਾ ਆਦਿ ਨੇ ਵੀ ਸੰਬੋਧਨ ਕੀਤਾ ਜਦੋਂਕਿ ਸਟੇਜ ਦੀ ਕਾਰਵਾਈ ਬਲਰਾਜ ਮੌੜ ਨੇ ਨਿਭਾਈ।

ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਇਕ ਰੋਜ਼ਾ ਟੂਰ ’ਤੇ ਲਿਜਾਇਆ ਅਗਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਚਾਰ ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।