02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਨੌਜਵਾਨਾਂ ਤੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਸ਼੍ਰੋਮਣੀ ਗੁਰਦੁਆਰਾ ਕਮੇਟੀ ਕਾਰਜਸ਼ੀਲ-ਹਰਜਿੰਦਰ ਸਿੰਘ ਧਾਮੀ

ਅਜੀਤ ਡੈਸਕ 12-07-2026

ਗੁਰਮਤਿ ਸਿਖਲਾਈ ਕੈਂਪਾਂ ’ਚ 3500 ਬੱਚਿਆਂ ਨੂੰ ਭਾਗ ਲਿਆ ਅੱਵਲ ਬੱਚਿਆਂ ਦਾ ਸਾਈਕਲਾਂ ਨਾਲ ਸਨਮਾਨ
ਫਫੜੇ ਭਾਈਕੇ (ਮਾਨਸਾ), 11 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਨੌਜਵਾਨਾਂ ਤੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਕਾਰਜਸ਼ੀਲ ਹੈ ਅਤੇ ਭਵਿੱਖ ‘ਚ ਵੀ ਇਹ ਕਾਰਜ ਨਿਰੰਤਰ ਜਾਰੀ ਰਹਿਣਗੇ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਥੇ ਗੁਰਦੁਆਰਾ ਭਾਈ ਬਹਿਲੋ ਸਭ ਤੋਂ ਪਹਿਲੋ ਵਿਖੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੇ ਯਤਨਾਂ ਨਾਲ ਪਿਛਲੇ ਮਹੀਨੇ ਤੋਂ ਵੱਖ-ਵੱਖ ਪਿੰਡਾਂ ‘ਚ ਲਗਾਏ ਗਏ ਗੁਰਮਤਿ ਸਮਰ ਸਿਖਲਾਈ ਕੈਂਪਾਂ ਵਿਚ ਭਾਗ ਲੈਣ ਵਾਲੇ ਬੱਚਿਆਂ ਦੇ ਸਨਮਾਨ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਅਜਿਹੇ ਗੁਰਮਤਿ ਕੈਂਪਾਂ ‘ਚ ਬੱਚਿਆਂ ਨੂੰ ਗੁਰਬਾਣੀ ਪਾਠ, ਕੀਰਤਨ, ਸਿੱਖ ਰਹਿਤ-ਮਰਿਆਦਾ, ਸਿੱਖ ਇਤਿਹਾਸ ਅਤੇ ਗੁਰਮਤਿ ਜੀਵਨ-ਮੁੱਲਾਂ ਨਾਲ ਜੋੜਨ ਦੇ ਨਾਲ-ਨਾਲ ਸਿੱਖ ਸੰਸਥਾਵਾਂ ਦੀ ਅਹਿਮੀਅਤ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਭਵਿੱਖ ਦੇ ਵਾਰਿਸ ਸਿੱਖ ਇਤਿਹਾਸ ਅਤੇ ਪਰੰਪਰਾਵਾਂ ਦੇ ਜਾਣਕਾਰ ਹੋਣ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਗੁਰਮਤਿ ਨਾਲ ਜੋੜੀ ਰੱਖਣ ਲਈ ਸਦਾ ਸੁਚੇਤ ਰਹਿਣ। ਝੱਬਰ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਹਲਕਾ ਜੋਗਾ ਦੇ 53 ਪਿੰਡਾਂ ਵਿੱਚ 64 ਕੇਂਦਰਾਂ ‘ਤੇ ਲਗਾਏ ਗਏ ਗੁਰਮਤਿ ਸਿਖਲਾਈ ਕੈਂਪਾਂ ‘ਚ 3500 ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਕੈਂਪ ਦੌਰਾਨ ਧਾਰਮਿਕ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਅੱਵਲ ਰਹੇ 540 ਬੱਚਿਆਂ ਦਾ ਅੱਜ ਗੁਰਮਤਿ ਸਿੱਖਿਆ ਸਬੰਧੀ ਲਿਖਤੀ ਪੇਪਰ ਲਿਆ ਗਿਆ ਅਤੇ ਅੱਵਲ ਆਏ ਬੱਚਿਆਂ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੇ ਗ੍ਰੰਥੀ ਸਿੰਘਾਂ ਨੂੰ ਰੋਜ਼ਾਨਾ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲਗਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਬੱਚਿਆਂ ਨੂੰ ਨਸ਼ੇ ਅਤੇ ਬੁਰੀਆਂ ਆਦਤਾਂ ਤੋਂ ਦੂਰ ਰੱਖਣ ਲਈ ਸਹਾਈ ਹੋਣਗੇ। ਸਮਾਗਮ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਬਾਦਲ, ਜਥੇਦਾਰ ਗੁਰਮੇਲ ਸਿੰਘ ਫਫੜੇ, ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ, ਮੀਤ ਮੈਨੇਜਰ ਮਨਦੀਪ ਸਿੰਘ, ਹਰਭਗਵਾਨ ਸਿੰਘ ਮੈਨੇਜਰ, ਰੂਬਲ ਸਿੰਘ ਢਿੱਲੋਂ ਪ੍ਰਧਾਨ ਯੂਥ ਵਿੰਗ, ਸਕੂਲ ਪ੍ਰਿੰਸੀਪਲ ਜਸਵਿੰਦਰ ਸਿੰਘ, ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਭੋਲਾ ਸਿੰਘ, ਪ੍ਰਚਾਰਕ ਭਾਈ ਸਵਿੰਦਰ ਸਿੰਘ, ਅਕਾਲੀ ਆਗੂ ਬਲਵੀਰ ਸਿੰਘ ਬੀਰੋਕੇ, ਜਤਿੰਦਰ ਸਿੰਘ ਸੋਢੀ, ਇਸਤਰੀ ਅਕਾਲੀ ਆਗੂ ਕਰਮਜੀਤ ਕੌਰ ਸਮਾਓਂ ਆਦਿ ਹਾਜ਼ਰ ਸਨ। ਇਸੇ ਦੌਰਾਨ ਜਥੇਦਾਰ ਧਾਮੀ ਨੇ ਗੁਰਦੁਆਰਾ ਸਾਹਿਬ ‘ਚ ਫੁਹਾਰੇ ਦਾ ਉਦਘਾਟਨ ਵੀ ਕੀਤਾ।

ਪਿਛਲੀ ਖ਼ਬਰ ਮਿਡ-ਡੇ-ਮੀਲ ਤੇ ਸਫ਼ਾਈ ਵਰਕਰ ਯੂਨੀਅਨ ਆਜ਼ਾਦ ਵਲੋਂ ਰੋਸ ਧਰਨਾ ਅਗਲੀ ਖ਼ਬਰ ਗਰਮੀ ਤੋਂ ਪੀੜਤ ਦੋ ਵਿਅਕਤੀ ਹਸਪਤਾਲ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।