02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪਿੰਡ ਜੈ ਸਿੰਘ ਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ‘ਸਤਲੁਜ’ ਫ਼ਿਲਮ ’ਤੇ ਪਾਬੰਦੀ ਵਿਰੁੱਧ ਰੋਸ ਪ੍ਰਦਰਸ਼ਨ

ਅਜੀਤ ਡੈਸਕ 14-07-2026

ਸੰਗਤ ਮੰਡੀ, 13 ਜੁਲਾਈ (ਅੰਮ੍ਰਿਤਪਾਲ ਸ਼ਰਮਾ)- ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਵਿਵਾਦਿਤ ਪੰਜਾਬੀ ਫ਼ਿਲਮ ‘ਸਤਲੁਜ’ ‘ਤੇ ਸਿਨੇਮਾ ਘਰਾਂ ‘ਚ ਪਾਬੰਦੀ ਵਿਰੁੱਧ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਜੈ ਸਿੰਘ ਵਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਮਾਰਚ ਸਮੇਂ ਪਿੰਡ ਜੈ ਸਿੰਘ ਵਾਲਾ ਦੇ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਯਾਦ ਕੀਤਾ ਗਿਆ ਅਤੇ ਬੇਅੰਤ ਸਿੰਘ ਦੀ ਸਰਕਾਰ ਵੇਲੇ ਹੋਏ ਕਥਿਤ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਗੱਲਬਾਤ ਕੀਤੀ ਗਈ। ਇਸ ਮਾਰਚ ਵਿਚ ਮਾਲਵਾ ਜੋਨ ਦੇ ਪਾਰਟੀ ਇੰਚਾਰਜ ਅਤੇ ਸੀਨੀਅਰ ਪੰਥਕ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਸ਼ਿਰਕਤ ਕੀਤੀ ਅਤੇ ਭਾਈ ਜਸਵੰਤ ਸਿੰਘ ਖਾਲੜਾ ਦੁਆਰਾ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਹੋਏ ਜੋ ਆਪਣੀ ਸ਼ਹਾਦਤ ਦਿੱਤੀ, ਉਸ ਨੂੰ ਯਾਦ ਕੀਤਾ ਗਿਆ। ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਵਿਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦਾ ਅੱਜ ਤੱਕ ਦੀ ਕਿਸੇ ਵੀ ਸਰਕਾਰ ਨੇ ਇਨਸਾਫ਼ ਨਹੀਂ ਦਿੱਤਾ। ਜਸਕਰਨ ਸਿੰਘ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵਲੋਂ ‘ਸਤਲੁਜ’ ਫ਼ਿਲਮ ਹਲਕੇ ਦੇ ਪਿੰਡਾਂ ਵਿਚ ਵੱਧ ਤੋਂ ਵੱਧ ਦਿਖਾਈ ਜਾਵੇ ਅਤੇ ਲੋਕਾਂ ਨੂੰ ਸੱਚ ਤੋਂ ਜਾਣੂ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਅਕਾਲੀ ਦਲ ਵਾਰਿਸ ਪੰਜਾਬ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਡੱਟ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਮਾਲਵਾ ਅਤੇ ਹਲਕਾ ਬਠਿੰਡਾ ਦਿਹਾਤੀ ਅੰਦਰ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ ਤਾਂ ਜੋ ਪੰਜਾਬ ਦਾ ਅਗਲਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਬਣਾਇਆ ਜਾ ਸਕੇ। ਇਸ ਮੌਕੇ ਪਾਰਟੀ ਦੇ ਐਗਜ਼ੇਟਿਵ ਮੈਂਬਰ ਜਸਵਿੰਦਰ ਸਿੰਘ ਬਾਦਲ, ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਚਮਕੌਰ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਸਤਵਿੰਦਰ ਸਿੰਘ ਗੁਲਾਬਗੜ੍ਹ, ਜਨਰਲ ਸਕੱਤਰ ਗੁਰਤੇਜ ਸਿੰਘ ਫ਼ੌਜੀ, ਕਾਰਜਕਾਰੀ ਕਮੇਟੀ ਮੈਂਬਰ ਅਵਤਾਰ ਸਿੰਘ ਜੈ ਸਿੰਘ ਵਾਲਾ, ਬਲਾਕ ਪ੍ਰਧਾਨ ਬਠਿੰਡਾ 1 ਰਾਜਵੰਤ ਸਿੰਘ ਧੰਨਾ, ਬਲਾਕ ਪ੍ਰਧਾਨ ਬਠਿੰਡਾ 2 ਗੁਰਜਿੰਦਰ ਸਿੱਧੂ ਝੁੰਬਾ, ਸੰਗਤ ਬਲਾਕ ਪ੍ਰਧਾਨ ਮੇਜਰ ਸਿੰਘ ਜੱਸੀ, ਸਰਕਲ ਪ੍ਰਧਾਨ ਥਾਣਾ ਸੰਗਤ ਸੁਖਜਿੰਦਰ ਸਿੰਘ ਜੱਸੀ, ਸਰਕਲ ਪ੍ਰਧਾਨ ਥਾਣਾ ਨੰਦਗੜ੍ਹ ਕੁਲਦੀਪ ਸਿੰਘ ਘੁੱਦਾ, ਅਮਨਦੀਪ ਸਿੰਘ ਜੈ ਸਿੰਘ ਵਾਲਾ, ਡਾਕਟਰ ਸੁਖਮੰਦਰ ਸਿੰਘ, ਪ੍ਰਚਾਰਕ ਬਾਬਾ ਕੁਲਦੀਪ ਸਿੰਘ ਸਖ਼ਤ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ।

ਪਿਛਲੀ ਖ਼ਬਰ ਮੰਗਾਂ ਦੀ ਪੂਰਤੀ ਲਈ ਸਫ਼ਾਈ ਸੇਵਕਾਂ ਵਲੋਂ ਨਗਰ ਪੰਚਾਇਤ ਦਫ਼ਤਰ ਭਾਈਰੂਪਾ ਵਿਖੇ ਧਰਨਾ ਅਗਲੀ ਖ਼ਬਰ ਫ਼ਸਲੀ ਭਿੰਨਤਾ ਤੇ ਵਧੇਰੇ ਮੁਨਾਫ਼ੇ ਲਈ ਬੇਬੀ ਕੌਰਨ ਦੀ ਕਾਸ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।