ਬਠਿੰਡਾ, 25 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਕੌਮੀ ਖਾਦ ਕਾਰਖਾਨਾ (ਐਨਐਫਐਲ) ਬਠਿੰਡਾ ਦੀ ਕਾਮਗਾਰ ਕਰਮਚਾਰੀ ਕਾਂਗਰਸ ਮਜ਼ਦੂਰ ਯੂਨੀਅਨ ਵਲੋਂ ਬਰਨਾਲਾ ’ਚ ਸਫ਼ਾਈ ਕਰਮਚਾਰੀਆਂ ’ਤੇ ਢਾਹੇ ਗਏ ਪੁਲਿਸ ਤਸ਼ੱਦਦ ਦੇ ਖਿਲਾਫ਼ ਤੇ ਸਫ਼ਾਈ ਕਰਮੀਆਂ ਦੇ ਹੱਕ ’ਚ ਰੋਸ ਵਿਖਾਵਾ ਕੀਤਾ ਗਿਆ। ਇਸ ਮੌਕੇ ਕਾਮਗਾਰ ਕਰਮਚਾਰੀ ਕਾਂਗਰਸ ਮਜ਼ਦੂਰ ਯੂਨੀਅਨ ਐਨਐਫਐਲ ਦੇ ਪ੍ਰਧਾਨ ਜਸਵਿੰਦਰ ਸਿੰਘ ਬਾਬਾ, ਗੁਰਦੀਪ ਸਿੰਘ ਪੰਚ, ਗੁਰਮੇਲ ਸਿੰਘ ਸਿਵੀਆਂ, ਇਕਬਾਲ ਸਿੰਘ ਤੇ ਬਲਵੀਰ ਸਿੰਘ ਬੀਰਾ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵਲੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਔਰਤਾਂ ਨੂੰ ਵਿੱਤੀ ਸਹਾਇਤਾ ਦੇ ਕੇ ਸਤਿਕਾਰ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਬਰਨਾਲਾ ’ਚ ਸ਼ਰੇਆਮ ਪੁਲਿਸ ਵਲੋਂ ਸਫ਼ਾਈ ਕਰਮਚਾਰੀ ਔਰਤਾਂ ਨੂੰ ਅੰਨ੍ਹੇਵਾਹ ਕੁੱਟਿਆ ਗਿਆ, ਜਿਸ ਨਾਲ ਸਰਕਾਰ ਤੇ ਪੁਲਿਸ ਦਾ ਚਿਹਰਾ ਪੂਰੀ ਦੁਨੀਆਂ ਵਿਚ ਸ਼ਰਮਸ਼ਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਡੀ ਐਸ ਪੀ ਨੂੰ ਮੁਅੱਤਲ ਅਤੇ ਥਾਣਾ ਮੁਖੀ ਨੂੰ ਲਾਇਨ ਹਾਜ਼ਰ ਕਰਨਾ ਕਾਫ਼ੀ ਨਹੀਂ ਹੈ, ਇੰਨ੍ਹਾਂ ’ਤੇ ਤੁਰੰਤ ਮੁਕੱਦਮਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਮਗਾਰ ਕਰਮਚਾਰੀ ਕਾਂਗਰਸ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ’ਚ ਸਫ਼ਾਈ ਕਰਮੀਆਂ ਦੇ ਹਰ ਸੰਘਰਸ਼ ਵਿਚ ਪੂਰਾ ਸਾਥ ਦਿੱਤਾ ਜਾਵੇਗਾ। ਇਸ ਮੌਕੇ ਹਰਬੰਸ ਸਿੰਘ, ਸੇਵਕ ਸਿੰਘ, ਰੇਸ਼ਮ ਸਿੰਘ, ਗੁਰਸੇਵਕ ਸਿੰਘ, ਸੁਖਚੈਨ ਸਿੰਘ, ਜਲੰਧਰ ਸਿੰਘ, ਗੁਰਮੀਤ ਸਿੰਘ, ਅਮਰੀਕ ਸਿੰਘ, ਭਿੰਦਰ ਸਿੰਘ, ਜਗਸੀਰ ਸਿੰਘ, ਬੀਰੂ ਸਿੰਘ ਆਦਿ ਮੌਜੂਦ ਸਨ।
ਖਾਦ ਫੈਕਟਰੀ ਦੇ ਮਜ਼ਦੂਰਾਂ ਵਲੋਂ ਬਰਨਾਲਾ ਦੇ ਸਫ਼ਾਈ ਕਰਮਚਾਰੀਆਂ ਦੇ ਹੱਕ ’ਚ ਰੋਸ ਵਿਖਾਵਾ
ਅਜੀਤ ਡੈਸਕ
26-07-2026