ਮੌੜ ਮੰਡੀ, 29 ਜੁਲਾਈ (ਗੁਰਜੀਤ ਸਿੰਘ ਕਮਾਲੂ)- ਭਾਜਪਾ ਦੇ ਨਵ ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਅੱਜ ਮੌੜ ਮੰਡੀ ਵਿਖੇ ਪਹੁੰਚਣ ਤੇ ਭਾਜਪਾ ਵਰਕਰਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਅੱਜ ਮੌੜ ਮੰਡੀ ਦੇ ਰਾਮਨਗਰ ਚੌਕ ਵਿਖੇ ਭਾਜਪਾ ਪ੍ਰਧਾਨ ਦੇ ਸਵਾਗਤ ਲਈ ਸੈਂਕੜੇ ਵਰਕਰ ਇਕੱਠੇ ਹੋਏ ਅਤੇ ਉਨ੍ਹਾਂ ਨੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੂਬਾ ਜਨਰਲ ਸਕੱਤਰ ਅਤੇ ਹਲਕਾ ਮੌੜ ਦੇ ਕਨਵੀਨਰ ਦਿਆਲ ਸਿੰਘ ਸੋਢੀ, ਸੂਬਾ ਆਗੂ ਜਗਦੀਪ ਸਿੰਘ ਨੱਕਈ, ਜ਼ਿਲ੍ਹਾ ਬਠਿੰਡਾ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਵੀ ਉਨ੍ਹਾਂ ਦੇ ਨਾਲ ਖ਼ਾਸ ਤੌਰ ‘ਤੇ ਹਾਜ਼ਰ ਸਨ। ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਕਰਜ਼ ਦੀ ਡੂੰਘੀ ਦਲ ਦਲ ਵਿਚ ਸੁੱਟ ਦਿੱਤਾ ਹੈ। ਸਰਕਾਰ ਆਪਣੀਆਂ ਐਸ਼ਪ੍ਰਸਤੀਆਂ ਲਈ ਨਿੱਤ ਨਵੇਂ ਕਰਜ਼ੇ ਲੈ ਰਹੀ ਹੈ। ਲੋਕਾਂ ਦੇ ਹਿੱਤ ਦੀਆਂ ਯੋਜਨਾਵਾਂ ਪ੍ਰਤੀ ਕੋਈ ਵੀ ਧਿਆਨ ਨਹੀ ਹੈ।ਉਨ੍ਹਾਂ ਕਿਹਾ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਵੀ ਬਹੁਤ ਮਾੜੀ ਹੈ। ਲੋਕਾਂ ਨੂੰ ਫਿਰੌਤੀਆਂ ਲਈ ਫ਼ੋਨ ਆਉਂਦੇ ਹਨ ਅਤੇ ਜੇਕਰ ਕੋਈ ਪੈਸੇ ਨਹੀ ਦਿੰਦਾ ਤਾਂ ਗੋਲੀ ਚੱਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਭਲਾ ਹੋ ਸਕਦਾ ਹੈ ਤਾਂ ਉਹ ਸਿਰਫ਼ ਅਤੇ ਸਿਰਫ਼ ਬੀ ਜੇ ਪੀ ਦੀ ਸਰਕਾਰ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੋਰਨਾਂ ਸੂਬਿਆਂ ਵਾਂਗ ਪੰਜਾਬ ਦਾ ਵਿਕਾਸ ਕਰਨਾ ਹੈ ਤਾਂ ਭਾਜਪਾ ਦੀ ਡਬਲ ਇੰਜਨ ਸਰਕਾਰ ਹੀ ਲਿਆਉਣੀ ਪਵੇਗੀ ਅਤੇ ਇਸ ਲਈ ਲੋਕ 2027 ਦੀਆਂ ਚੋਣਾਂ ਨੂੰ ਬੇਸਬਰੀ ਨਾਲ ਉਡੀਕ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੁਪਿੰਦਰ ਕੌਰ ਬਰਾੜ, ਜੀਵਨ ਕੁਮਾਰ ਗੁਪਤਾ, ਚੰਦਰ ਮੋਹਣ, ਸੁਖਜੀਤ ਸਿੰਘ ਕਮਾਲੂ, ਸਤਨਾਮ ਸਿੰਘ ਸਵੈਚ, ਸੁਖਵਿੰਦਰ ਸਿੰਘ ਕਮਾਲੂ, ਬਲਵੀਰ ਚੰਦ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਭਾਜਪਾ ਵਰਕਰ ਹਾਜ਼ਰ ਸਨ।