ਬਠਿੰਡਾ, 31 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਇਨਕਲਾਬੀ ਨੌਜਵਾਨ ਸਭਾ, ਪੰਜਾਬ ਸੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਵਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸਥਾਨਕ ਟੀਚਰਜ ਹੋਮ ਵਿਖੇ ਕਨਵੈਨਸ਼ਨ ਕਰਕੇ ਮਨਾਇਆ ਗਿਆ, ਉਪਰੰਤ ਸ਼ਹਿਰ ’ਚ ਮਾਰਚ ਕੀਤਾ ਗਿਆ। ਕਨਵੈਨਸ਼ਨ ਦੀ ਮੁੱਖ ਬੁਲਾਰਾ ਆਈਸਾ ਦੀ ਕੇਂਦਰੀ ਕਮੇਟੀ ਮੈਂਬਰ ਅੰਜਲੀ ਨੇ ’ਨਸ਼ੇ ਨਹੀਂ ਰੁਜ਼ਗਾਰ ਦਿਉ’ ਦੇ ਨਾਅਰੇ ਤਹਿਤ ਜੰਤਰ-ਮੰਤਰ ਵਿਖੇ ਲੜੇ ਗਏ ਸ਼ਾਨਾਮੱਤੇ ਘੋਲ ਦੀਆਂ ਹਾਂ-ਪੱਖੀ ਪ੍ਰਾਪਤੀਆਂ ਬਾਰੇ ਚਾਣਨ ਪਾਇਆ। ਬੁਲਾਰੇ ਧਰਮਿੰਦਰ ਮੁਕੇਰੀਆਂ, ਹੈਪੀ ਮਾਨ, ਗਗਨਦੀਪ, ਸੁਖਜੀਤ ਰਾਮਾਨੰਦੀ ਤੇ ਅਰਮਾਨ ਸਿੰਘ ਨੇ ਸ਼ਹੀਦ ਊਧਮ ਸਿੰਘ ਦੀ ਲੋਕ ਪੱਖੀ ਸੋਚ, ਆਪਣੇ ਅਕੀਦੇ ਪ੍ਰਤੀ ਅਟੁੱਟ ਸਮਰਪਣ ਤੇ ਘਾਲਣਾ ਭਰਪੂਰ ਜੀਵਨ ਬਾਰੇ ਗੱਲ ਕਰਦਿਆਂ ਦੇਸ਼ ਵਾਸੀਆਂ ਖਾਸ ਕਰਕੇ ਨੌਜਵਾਨੀ ਨੂੰ ਉਨ੍ਹਾਂ ਦੀ ਸੋਚ ਦੇ ਹਾਣੀ ਬਣਨ ਅਤੇ ਉਨ੍ਹਾਂ ਦੇ ਪਦਚਿਨ੍ਹਾਂ ’ਤੇ ਚੱਲਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਦਾਰਵਾਦੀ ਨੀਤੀਆਂ ਨਾਲ ਗਰੀਬੀ-ਅਮੀਰੀ ਦਾ ਪਾੜਾ, ਮਹਿੰਗਾਈ-ਬੇਕਾਰੀ ਤੇ ਅਪਰਾਧ ਛਾਲਾਂ ਮਾਰ ਕੇ ਵਧ ਰਹੇ ਹਨ ਅਤੇ ਸਿੱਖਿਆ, ਸਿਹਤ ਸਹੂਲਤਾਂ ਤੇ ਸਮਾਜਿਕ ਸੁਰੱਖਿਆ ਲੋਕਾਂ ਤੋਂ ਖੋਹੀ ਜਾ ਰਹੀ ਹੈ। ਭਾਰਤ ਅੰਦਰ ਮੋਦੀ ਸਰਕਾਰ ਦੇਸ਼ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ, ਜਿਸ ਦੇ ਖਿਲਾਫ਼ ਦੇਸ਼ ਵਾਸੀਆਂ ਨੂੰ ਆਜ਼ਾਦੀ ਦਾ ਇਕ ਹੋਰ ਯੁੱਧ ਲੜਨਾ ਹੋਵੇਗਾ। ਇਸ ਦੌਰਾਨ ਕਨਵੈਨਸ਼ਨ ਵਲੋਂ ਮਤਾ ਪਾਸ ਕਰਦੇ ਹੋਏ ਬੇਰੁਜ਼ਗਾਰੀ, ਮਹਿੰਗਾਈ, ਸਿੱਖਿਆ, ਜਮਹੂਰੀਅਤ ਦੇ ਖਾਤਮੇ ਦੇ ਯਤਨਾਂ ਖਿਲਾਫ 28 ਸਤੰਬਰ ਤੱਕ ਯੁਵਕ ਚੇਤਨਾ ਮੁਹਿੰਮ ਚਲਾਉਣ ਅਤੇ ਪੰਜਾਬ ’ਚ ਸੰਘਰਸ਼ੀ ਧਿਰਾਂ ’ਤੇ ਢਾਹੇ ਜਾ ਰਹੇ ਜਬਰ ਖਿਲਾਫ ਜਨਤਕ ਲਹਿਰ ਉਸਾਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਮੰਚ ਦਾ ਸੰਚਾਲਨ ਹਰਵਿੰਦਰ ਚੋਟੀਆਂ ਨੇ ਕੀਤਾ।