ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਮਨਾਇਆ ਰੱਖੜੀ ਦਾ ਤਿਉਹਾਰ
ਬਠਿੰਡਾ, 28 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਬਠਿੰਡਾ ਕੇਂਦਰੀ ਜੇਲ੍ਹ ਦਾ ਮਾਹੌਲ ਉਸ ਸਮੇਂ ਭਾਵੁਕ ਹੋ ਗਿਆ, ਜਦੋਂ ਜੇਲ੍ਹ ’ਚ ਬੰਦ ਕੈਦੀ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਉਨ੍ਹਾਂ ਦੀਆਂ ਭੈਣਾਂ ਵੱਡੀ ਗਿਣਤੀ ਜੇਲ੍ਹ ਵਿਚ ਪਹੁੰਚ ਗਈਆ। ਭੈਣਾਂ ਨੇ ਜਦੋਂ ਆਪਣੇ ਭਰਾਵਾਂ ਦੇ ਗੁੱਟ ਉੱਪਰ ਰੱਖੜੀ ਬੰਨੀ ਤਾਂ ਕਈਆਂ ਦੀਆਂ ਅੱਖਾਂ ਨਮ ਹੋ ਗਈਆਂ।
ਬਠਿੰਡਾ, 28 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਬਠਿੰਡਾ ਕੇਂਦਰੀ ਜੇਲ੍ਹ ਦਾ ਮਾਹੌਲ ਉਸ ਸਮੇਂ ਭਾਵੁਕ ਹੋ ਗਿਆ, ਜਦੋਂ ਜੇਲ੍ਹ ’ਚ ਬੰਦ ਕੈਦੀ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਉਨ੍ਹਾਂ ਦੀਆਂ ਭੈਣਾਂ ਵੱਡੀ ਗਿਣਤੀ ਜੇਲ੍ਹ ਵਿਚ ਪਹੁੰਚ ਗਈਆ। ਭੈਣਾਂ ਨੇ ਜਦੋਂ ਆਪਣੇ ਭਰਾਵਾਂ ਦੇ ਗੁੱਟ ਉੱਪਰ ਰੱਖੜੀ ਬੰਨੀ ਤਾਂ ਕਈਆਂ ਦੀਆਂ ਅੱਖਾਂ ਨਮ ਹੋ ਗਈਆਂ। ਭੈਣਾਂ ਨੂੰ ਭਾਵੁਕ ਹੁੰਦੇ ਦੇਖ ਭਰਾ ਵੀ ਆਪਣੇ ਜਜ਼ਬਾਤਾਂ ’ਤੇ ਕਾਬੂ ਨਾ ਰੱਖ ਸਕੇ। ਰੱਖੜੀ ਦੇ ਤਿਉਹਾਰ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਤਾਂ ਜੋ ਕੋਈ ਵੀ ਭੈਣ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਤੋਂ ਵਾਂਝੀ ਨਾ ਰਹੇ। ਕੈਦੀਆਂ ਦੀਆਂ ਭੈਣਾਂ ਸਵੇਰ ਤੋਂ ਹੀ ਜੇਲ੍ਹ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਜੇਲ੍ਹ ਦੇ ਮੁੱਖ ਗੇਟ ’ਤੇ ਪਹੁੰਚਣ ਵਾਲੀਆਂ ਔਰਤਾਂ ਦੇ ਸਾਮਾਨ ਦੀ ਜਾਂਚ ਕੀਤੀ ਗਈ ਅਤੇ ਨੰਬਰ ਦੇ ਹਿਸਾਬ ਨਾਲ ਉਨ੍ਹਾਂ ਨੂੰ ਅੱਗੇ ਭੇਜਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨੀ ਅਤੇ ਉਨ੍ਹਾਂ ਨਾਲ ਕੁਝ ਗੱਲਾਂ ਕਰਕੇ ਸਮਾਂ ਬਿਤਾਇਆ। ਇਸ ਮੌਕੇ ਕਈ ਅਜਿਹੀਆਂ ਭੈਣਾਂ ਵੀ ਜੇਲ੍ਹ ਪਹੁੰਚੀਆਂ, ਜੋ ਦੂਰ-ਦੁਰਾਡੇ ਇਲਾਕਿਆਂ ਤੋਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਆਈਆਂ ਸਨ। ਉਨ੍ਹਾਂ ਲਈ ਇਹ ਮੌਕਾ ਸਿਰਫ਼ ਰੱਖੜੀ ਬੰਨ੍ਹਣ ਦਾ ਹੀ ਨਹੀਂ, ਸਗੋਂ ਲੰਮੇ ਸਮੇਂ ਬਾਅਦ ਆਪਣੇ ਭਰਾ ਨੂੰ ਮਿਲਣ ਦਾ ਵੀ ਸੀ । ਕੇਂਦਰੀ ਜੇਲ੍ਹ ਦੇ ਪ੍ਰਬੰਧਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਿੱਤੀਆਂ ਹਿਦਾਇਤਾਂ ਅਨੁਸਾਰ ਜੇਲ੍ਹ ਅੰਦਰ ਬੰਦ ਕੈਦੀਆਂ ਨੂੰ ਰੱਖੜੀ ਬੰਨ੍ਹਣ ਲਈ ਭੈਣਾਂ ਨੂੰ ਦਿਨ ਭਰ ਆਉਣ ਦੇ ਨਿਰਦੇਸ਼ ਮਿਲੇ ਸਨ। ਇਸ ਤਹਿਤ ਅੱਜ ਔਰਤਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਜੇਲ੍ਹ ਪਹੁੰਚੀਆਂ ਸਨ। ਉਨ੍ਹਾਂ ਕਿਹਾ ਕਿ ਰੱਖੜੀ ਮੌਕੇ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜੇਲ੍ਹ ਆਉਣ ਵਾਲੀਆਂ ਔਰਤਾਂ ਨੂੰ ਆਪਣਾ ਆਈਡੀ ਕਾਰਡ ਨਾਲ ਲਿਆਉਣ ਲਈ ਕਿਹਾ ਗਿਆ ਸੀ, ਤਾਂ ਜੋ ਪਛਾਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਹ ਵੀ ਆਪਣੇ ਭਰਾ ਦੇ ਗੁੱਟ ਉੱਪਰ ਰੱਖੜੀ ਬੰਨ੍ਹ ਸਕਣ। ਰੱਖੜੀ ਦੇ ਇਸ ਪਵਿੱਤਰ ਤਿਉਹਾਰ ਮੌਕੇ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਭੈਣ-ਭਰਾ ਦੇ ਪਿਆਰ, ਵਿਛੋੜੇ ਅਤੇ ਭਾਵਨਾਵਾਂ ਦਾ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ ਨੇ ਮੌਕੇ ’ਤੇ ਮੌਜੂਦ ਹਰ ਵਿਅਕਤੀ ਨੂੰ ਭਾਵੁਕ ਕਰ ਦਿੱਤਾ।