ਗੋਨਿਆਣਾ, 12 ਸਤੰਬਰ (ਲਛਮਣ ਦਾਸ ਗਰਗ)-ਐਸ. ਐਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ ਵਿਖੇ ਚੋਣ ਸਾਖਰਤਾ ਕਲੱਬ ਵਲੋਂ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨਾਂ ਨੂੰ ਵੋਟ ਬਣਾਉਣ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਮੌਕੇ ਭੁੱਚੋ ਚੋਣ ਸਾਖਰਤਾ ਕਲੱਬ ਦੇ ਨੋਡਲ ਅਧਿਕਾਰੀ ਡਾ: ਪ੍ਰੇਮ ਕੁਮਾਰ ਸਿੰਗਲਾ ਅਤੇ ਪ੍ਰਿਤਪਾਲ ਸਿੰਘ ਵਲੋਂ ਕਾਲਜ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ, ਲੋਕਤੰਤਰਿਕ ਕਦਰਾਂ-ਕੀਮਤਾਂ ਅਤੇ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ 18 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਹਰ ਯੋਗ ਨਾਗਰਿਕ ਨੂੰ ਆਪਣੀ ਵੋਟ ਜ਼ਰੂਰ ਬਣਵਾਉਣੀ ਚਾਹੀਦੀ ਹੈ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਤੇ ਜ਼ਿੰਮੇਵਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਕਾਲਜ ਦੇ ਚੋਣ ਸਾਖਰਤਾ ਕਲੱਬ ਇੰਚਾਰਜ ਅਸਿਸਟੈਂਟ ਪ੍ਰੋਫੈਸਰ ਅਸ਼ੋਕ ਸਿੰਘ ਵਲੋਂ ਵੀ ਵਿਦਿਆਰਥੀਆਂ ਨੂੰ ਵੋਟਰ ਵਜੋਂ ਰਜਿਸਟਰੇਸ਼ਨ ਕਰਵਾਉਣ ਅਤੇ ਚੋਣ ਪ੍ਰਕਿਰਿਆ ਵਿਚ ਸਰਗਰਮ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਕਾਲਜ ਦੇ ਚਾਰ ਵਿਦਿਆਰਥੀਆਂ ਨੂੰ ਕੈਂਪਸ ਅੰਬੈਸਡਰ ਵਜੋਂ ਨਿਯੁਕਤ ਕੀਤਾ ਗਿਆ। ਇਨ੍ਹਾਂ ਵਿਚ ਅਨਮੋਲਪ੍ਰੀਤ ਕੌਰ, ਬੀ.ਸੀ.ਏ. ਭਾਗ ਤੀਜਾ; ਪਰਵੀਨ ਕੌਰ, ਬੀ.ਕਾਮ. ਭਾਗ ਤੀਜਾ; ਪ੍ਰਭਦੀਪ ਕੌਰ, ਬੀ.ਕਾਮ. ਭਾਗ ਤੀਜਾ ਅਤੇ ਗੁਰਜੋਤ ਕੌਰ, ਬੀ. ਏ. ਭਾਗ ਤੀਜਾ ਸ਼ਾਮਿਲ ਹਨ । ਇਹ ਕੈਂਪਸ ਅੰਬੈਸਡਰ ਕਾਲਜ ਦੇ ਹੋਰ ਵਿਦਿਆਰਥੀਆਂ ਨੂੰ ਵੋਟਰ ਰਜਿਸਟਰੇਸ਼ਨ, ਵੋਟ ਦੇ ਅਧਿਕਾਰ ਅਤੇ ਚੋਣ ਪ੍ਰਕਿਰਿਆ ਬਾਰੇ ਜਾਗਰੂਕ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਪ੍ਰਿੰਸੀਪਲ ਪਰਵੀਨ ਪੁਰੀ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਉਪ ਪ੍ਰਿੰਸੀਪਲ ਅੰਸ਼ਦੀਪ ਕੌਰ ਬਰਾੜ ਨੇ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਵਿਚ ਜ਼ਿੰਮੇਵਾਰ ਨਾਗਰਿਕ ਬਣਨ ਦੀ ਭਾਵਨਾ ਪੈਦਾ ਕਰਦੇ ਹਨ । ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਰਿਹਾ । ਕਾਲਜ ਮੈਨੇਜਮੈਂਟ ਪ੍ਰਧਾਨ ਭੂਸ਼ਣ ਕੁਮਾਰ ਜਿੰਦਲ ਅਤੇ ਸਕੱਤਰ ਪਰਦੀਪ ਮੰਗਲਾ ਵਲੋਂ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ।