ਤਲਵੰਡੀ ਸਾਬੋ 30 ਅਪ੍ਰੈਲ (ਰਣਜੀਤ ਸਿੰਘ ਰਾਜੂ)-ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ 'ਚ ਵਰਤਮਾਨ ਚੱਲ ਰਹੇ ਵਿੱਦਿਅਕ ਸੈਸ਼ਨ ਵਿਚ ਵਿਦਿਆਰਥੀਆਂ ਦੀਆਂ ਕਲਾਸਾਂ ਮਈ ਦੇ ਪਹਿਲੇ ਹਫ਼ਤੇ ਵਿਚ ਖਤਮ ਹੋ ਜਾਣੀਆਂ ਹਨ | ਉਪਰੰਤ 12 ਮਈ ਤੋਂ ਸਮੈਸਟਰ ਪ੍ਰੀਖਿਆਵਾਂ ਸ਼ੁਰੂ ਹੋਣੀਆਂ ਹਨ | ਇਸ ਮੌਕੇ ਸਰਵਪੱਖੀ ਵਿਕਾਸ ਦੇ ਆਪਣੇ ਮਿਸ਼ਨ ਦੇ ਤਹਿਤ ਅਕਾਲ ਯੂਨੀਵਰਸਿਟੀ ਵਿਚ ਇਕ ਕੀਰਤਨ ਤੇ ਅਰਦਾਸ ਸਮਾਗਮ ਉਲੀਕਿਆ ਗਿਆ | ਯੂਨੀਵਰਸਿਟੀ ਪ੍ਰਬੰਧਕਾਂ ਵਲੋਂ ਜਾਰੀ ਪ੍ਰੈਸ ਬਿਆਨ ਮੁਤਾਬਿਕ ਉਕਤ ਧਾਰਮਿਕ ਸਮਾਗਮ ਵਿਚ ਸਭ ਤੋਂ ਪਹਿਲਾਂ ਪਿਛਲੇ ਦੋ ਦਿਨ ਤੋਂ ਪ੍ਰਕਾਸ਼ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਹ ਸਮਾਗਮ ਸਮੂਹ ਵਿਦਿਆਰਥੀਆਂ ਵਲੋਂ ਡੀਨ ਵਿਦਿਆਰਥੀ ਭਲਾਈ ਡਾ. ਜਨਪ੍ਰੀਤ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ | ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਅਕਾਲ ਪੁਰਖ ਅੱਗੇ ਪ੍ਰੀਖਿਆਵਾਂ ਵਿਚ ਸਫ਼ਲਤਾ, ਸਦਾ ਚੜਦੀ ਕਲਾ ਵਿਚ ਰਹਿਣ ਅਤੇ ਵਿੱਦਿਆ ਦਾ ਦਾਨ ਗ੍ਰਹਿਣ ਕਰਨ ਲਈ ਅਰਦਾਸ ਕਰਦਿਆਂ ਗੁਰਮਤਿ ਸਮਾਗਮ ਵਿਚ ਹਾਜ਼ਰੀ ਭਰੀ | ਸਮਾਗਮ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਜਿੱਥੇ ਸ਼ਬਦ ਕੀਰਤਨ ਕੀਤਾ, ਉੱਥੇ ਧਾਰਮਿਕ ਕਵਿਤਾ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਵੀ ਸਾਂਝੀਆਂ ਕੀਤੀਆਂ | ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਮੰਚ ਤੋਂ ਗੁਰਮਤਿ ਉਪਦੇਸ਼ਾਂ ਵਾਲੀਆਂ ਸਾਖੀਆਂ ਵੀ ਪੇਸ਼ ਕੀਤੀਆਂ | ਹਾਜ਼ਰੀਨ ਨੇ ਬੜੀ ਸ਼ਰਧਾ ਨਾਲ ਗੁਰ ਦਰਬਾਰ ਵਿਚ ਕੀਰਤਨ ਦਾ ਆਨੰਦ ਮਾਣਿਆ | ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫ਼ੈਸਰ ਗੁਰਮੇਲ ਸਿੰਘ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਆਪਣੇ ਭਵਿੱਖ ਦੀ ਯੋਜਨਾਬੰਦੀ ਕਰਨ ਲਈ ਪ੍ਰੇਰਿਤ ਕੀਤਾ | ਇਸ ਤੋਂ ਇਲਾਵਾ ਡੀਨ ਵਿਦਿਆਰਥੀ ਭਲਾਈ ਡਾ. ਜਨਪ੍ਰੀਤ ਸਿੰਘ ਵੀ ਵਿਦਿਆਰਥੀਆਂ ਨੂੰ ਮੁਖਾਤਿਬ ਹੋਏ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਂ ਸੰਬੰਧੀ ਧਿਆਨ ਵਿਚ ਰੱਖਣਯੋਗ ਮਹੱਤਵਪੂਰਨ ਨੁਕਤੇ ਵੀ ਸਾਂਝੇ ਕੀਤੇ | ਇਸ ਮੌਕੇ ਡੀਨ ਅਕਾਦਮਿਕ ਮਾਮਲੇ ਮੇਜਰ ਜਨਰਲ (ਸੇਵਾਮੁਕਤ) ਡਾ. ਗੁਰਚਰਨ ਸਿੰਘ ਲਾਂਬਾ, ਰਜਿਸਟਰਾਰ ਡਾ. ਸਵਰਨ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਮੁਖੀ,ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ |