ਰਾਮਾਂ ਮੰਡੀ, 30 ਅਪ੍ਰੈਲ (ਗੁਰਪ੍ਰੀਤ ਸਿੰਘ ਅਰੋੜਾ)-ਪਿੰਡਾਂ ਦੇ ਲੋਕਾਂ ਦੀ ਸਿਹਤ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਐਚਪੀਸੀਐਲ-ਮਿੱਤਲ ਐਨਰਜੀ ਲਿਮਿਟਡ ਨੇ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਬਠਿੰਡਾ ਦੇ ਸਹਿਯੋਗ ਨਾਲ ਪਿੰਡ ਪੱਕਾ ਕਲਾਂ ਵਿਚ ਇਕ ਮੈਗਾ ਹੈਲਥ ਕੈਂਪ ਲਗਾਇਆ | ਇਸ ਕੈਂਪ ਵਿਚ ਏਮਜ਼ ਬਠਿੰਡਾ ਤੋਂ ਆਏ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਨੇ ਪਿੰਡ ਵਾਸੀਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਜ਼ਰੂਰੀ ਇਲਾਜ ਮੁਹੱਈਆ ਕਰਵਾਇਆ | ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਲਗਾਇਆ ਕੈਂਪ ਇਕ ਹੀ ਛੱਤ ਹੇਠ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ | ਇਹ ਪਹਿਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਅਤੇ ਏਮਜ਼ ਬਠਿੰਡਾ ਵਿਚਕਾਰ ਹੋਏ ਸਮਝੌਤੇ ਦਾ ਹਿੱਸਾ ਹੈ, ਜਿਸ ਅਧੀਨ ਰਿਫ਼ਾਇਨਰੀ ਵਲੋਂ ਗੋਦ ਲਏ 59 ਪਿੰਡਾਂ ਵਿਚ ਹਾਲ ਹੀ ਵਿਚ ਦੋ ਮੋਬਾਈਲ ਮੈਡੀਕਲ ਯੂਨਿਟ ਵੈਨਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਨ੍ਹਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ | ਇਸ ਕੈਂਪ ਦਾ ਉਦਘਾਟਨ ਐਚਐਮਈਐਲ ਦੇ ਵੀਪੀ ਆਪਰੇਸ਼ਨਜ਼ ਐਕਸੀਲੈਂਸ, ਅਰੁਣ ਭਾਰਦਵਾਜ ਨੇ ਕੀਤਾ | ਇਸ ਮੌਕੇ ਏਮਜ਼ ਬਠਿੰਡਾ ਦੇ ਮੈਡੀਕਲ ਸੁਪਰਟੈਂਡੈਂਟ ਡਾ. ਰਾਜੀਵ ਗੁਪਤਾ, ਡਾ. ਰਾਜੇਸ਼ ਕੱਕੜ ਸਮੇਤ ਅੱਖਾਂ, ਦੰਦਾਂ, ਆਰਥੋਪੀਡਿਕਸ, ਚਮੜੀ ਰੋਗ ਅਤੇ ਜਨਰਲ ਮੈਡੀਸਿਨ ਵਿਭਾਗਾਂ ਦੇ ਮਾਹਿਰ ਡਾਕਟਰ ਅਤੇ ਪ੍ਰਸ਼ਿਕਸ਼ਿਤ ਟੀਮ ਹਾਜ਼ਰ ਰਹੀ | ਐਚਐਮਈਐਲ ਵਲੋਂ ਸੀਐਸਆਰ ਦੇ ਡੀਜੀਐਮ ਵਿਸ਼ਵਾਮੋਹਨ ਪ੍ਰਸਾਦ, ਉਨ੍ਹਾਂ ਦੀ ਟੀਮ ਅਤੇ ਐਚਐਮਈਐਲ ਦੇ ਵਲੰਟੀਅਰਾਂ ਨੇ ਕੈਂਪ ਵਿਚ ਆਏ ਪਿੰਡ ਵਾਸੀਆਂ ਦੀ ਸੰਭਾਲ ਅਤੇ ਪ੍ਰਬੰਧਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਕੈਂਪ ਵਿਚ ਆਏ ਲੋਕਾਂ ਦੀ ਮੁਫ਼ਤ ਜਾਂਚ ਦੇ ਨਾਲ-ਨਾਲ ਉਨ੍ਹਾਂ ਨੂੰ ਮੌਕੇ 'ਤੇ ਹੀ ਦਵਾਈਆਂ ਵੀ ਦਿੱਤੀਆਂ ਗਈਆਂ | ਏਮਸ ਬਠਿੰਡਾ ਦੇ ਮੈਡੀਕਲ ਸੁਪਰਿੰਟੈਂਡੈਂਟ ਡਾ. ਰਾਜੀਵ ਗੁਪਤਾ ਨੇ ਦੱਸਿਆ ਕਿ ਕੈਂਪ ਵਿਚ ਟੈਲੀਮੈਡਿਸਿਨ ਦੀ ਸਹੂਲਤ ਵੀ ਉਪਲੱਬਧ ਹੈ, ਜਿਸ ਰਾਹੀਂ ਗੰਭੀਰ ਮਰੀਜ਼ਾਂ ਨੂੰ ਥਾਂ 'ਤੇ ਹੀ ਆਨਲਾਈਨ ਏਮਜ਼ ਦੇ ਮਾਹਿਰਾਂ ਨਾਲ ਤਾਲਮੇਲ ਕਰਵਾਇਆ ਜਾ ਸਕਦਾ ਹੈ | ਉਨ੍ਹਾਂ ਨੇ ਖੁਦ ਇਸ ਸਹੂਲਤ ਦਾ ਟਰਾਇਲ ਵੀ ਕੀਤਾ | ਲੋੜ ਪੈਣ 'ਤੇ ਮਰੀਜ਼ਾਂ ਨੂੰ ਏਮਜ਼ ਵਿਚ ਰੈਫ਼ਰ ਕਰਨ ਦੀ ਵੀ ਵਿਵਸਥਾ ਕੀਤੀ ਗਈ ਹੈ | ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਕੈਂਪ ਪਿੰਡਾਂ ਵਿਚ ਲਗਾਏ ਜਾਣਗੇ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਗੁਣਵੱਤਾਪੂਰਨ ਸਿਹਤ ਸੇਵਾਵਾਂ ਮਿਲ ਸਕਣ |