ਅਕਾਲੀ ਆਗੂ ਦੇ ਠੇਕੇਦਾਰ ਪੁੱਤਰ 'ਤੇ ਹਮਲਾ, ਫਟੇ ਟਾਇਰ ਸਮੇਤ ਗੱਡੀ ਭਜਾ ਕੇ ਬਚਾਈ ਜਾਨ <br/>
ਅਜੀਤ ਡੈਸਕ
20-05-2026
ਬਠਿੰਡਾ, 19 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੇ ਅਕਾਲੀ ਆਗੂ ਵਿਨੋਦ ਕੁਮਾਰ ਵਾਸੀ ਮਾਡਲ ਟਾਊਨ ਦੇ ਪੁੱਤਰ ਅਭਿਮਨਿਊ 'ਤੇ ਦਿਨ ਦਿਹਾੜੇ ਕੁਝ ਹਥਿਆਰਬੰਦ ਕਾਰ ਸਵਾਰਾਂ ਵਲੋਂ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਪੀੜਤ ਅਭਿਮਨਿਊ ਗਰਗ ਨੇ ਦੱਸਿਆ ਕਿ ਜਦੋਂ ਉਹ ਭਿਸੀਆਣਾ ਵਿਖੇ ਠੇਕੇਦਾਰੀ ਦਾ ਕੰਮ ਕਰਦਾ ਹੈ ਤੇ ਦੁਪਹਿਰ ਦੇ ਕਰੀਬ ਢਾਈ ਕੁ ਵਜੇ ਜਦੋਂ ਭਿਸੀਆਣਾ ਤੋਂ ਘਰ ਵਾਪਸ ਆਉਂਦੇ ਸਮੇਂ ਫ਼ੋਨ 'ਤੇ ਆਪਣੇ ਪਿਤਾ ਨੂੰ ਜਾਣਕਾਰੀ ਦੇ ਰਿਹਾ ਸੀ ਤਾਂ ਇਸ ਦੌਰਾਨ ਅੱਗੇ ਤੋਂ ਆਈ ਰਾਜਸਥਾਨ ਨੰਬਰ ਦੀ ਕ੍ਰੇਟਾ ਗੱਡੀ 'ਚ ਸਵਾਰਾਂ ਨੇ ਉਸ ਦਾ ਰਸਤਾ ਰੋਕ ਲਿਆ 'ਤੇ ਗੱਡੀ ਸਵਾਰਾਂ ਨੇ ਉਸ ਦੀ ਗੱਡੀ 'ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਕੇ ਸ਼ੀਸ਼ਿਆਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਉਸ ਨੇ ਜਦੋਂ ਗੱਡੀ ਕੁਝ ਪਿੱਛੇ ਕਰਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੀ ਗੱਡੀ ਦੇ ਟਾਇਰ ਵਿਚ ਕੋਈ ਭਾਰੀ ਚੀਜ਼ ਮਾਰ ਦਿੱਤੀ, ਜਿਸ ਕਾਰਨ ਗੱਡੀ ਦਾ ਟਾਇਰ ਫੱਟ ਗਿਆ, ਪਰ ਉਸ ਨੇ ਆਪਣੀ ਜਾਨ ਬਚਾਉਣ ਲਈ ਫਟੇ ਹੋਏ ਟਾਇਰ ਨਾਲ ਕਰੀਬ 15 ਕਿੱਲੋਮੀਟਰ ਤੱਕ ਗੱਡੀ ਭਜਾਈ ਅਤੇ ਆਪਣੇ ਘਰ ਪੁੱਜਿਆ, ਪਰ ਕਾਫੀ ਦੂਰ ਤੱਕ ਉਕਤ ਹਮਲਾਵਰ ਉਸ ਦਾ ਪਿੱਛਾ ਕਰਦੇ ਰਹੇ | ਪੀੜਤ ਅਤੇ ਉਸ ਦੇ ਪਿਤਾ ਨੇ ਪੁਲਿਸ ਤੋਂ ਮੰਗ ਕੀਤੀ ਕਿ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇ ਕਿ ਇਹ ਹਮਲਾ ਸਿਆਸੀ ਰੰਜ਼ਿਸ ਤਹਿਤ ਜਾਂ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਹੈ ਅਤੇ ਕਥਿਤ ਦੋਸ਼ੀਆਂ ਦੀ ਛੇਤੀ ਤੋਂ ਛੇਤੀ ਪਹਿਚਾਣ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਜਾਵੇ | ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਏ.ਐਸ.ਆਈ. ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਪੀੜਤ ਦੇ ਬਿਆਨਾਂ ਦਰਜ ਕੀਤੇ ਜਾ ਰਹੇ ਹਨ ਤੇ ਕਥਿਤ ਦੋਸ਼ੀਆਂ ਦੀ ਭਾਲ ਲਈ ਸੀ.ਸੀ.ਟੀ.ਵੀ ਖੰਘਾਲੇ ਜਾ ਰਹੇ ਹਨ |