23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨਸ਼ਿਆਂ ਦੇ ਖ਼ਾਤਮੇ ਦੀ ਜ਼ਿੰਮੇਵਾਰੀ ਤੋਂ ਮੁੱਖ ਮੰਤਰੀ ਨੂੰ ਭੱਜਣ ਨਹੀਂ ਦੇਵਾਂਗੇ - ਹਰਸਿਮਰਤ ਕੌਰ ਬਾਦਲ

ਮਾਨਸਾ/ਸਰਦੂਲਗੜ੍ਹ, 22 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ/ਜੀ. ਐਮ.

ਅਜੀਤ ਡੈਸਕ 23-09-2026
ਮਾਨਸਾ/ਸਰਦੂਲਗੜ੍ਹ, 22 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ/ਜੀ.ਐਮ.ਅਰੋੜਾ)- ਰਾਜ ਦੀਆਂ ‘ਮਾਵਾਂ-ਧੀਆਂ’ ਮੁੱਖ ਮੰਤਰੀ ਪੰਜਾਬ ਨੂੰ ਰਾਜ ’ਚੋਂ ਨਸ਼ਿਆਂ ਨੂੰ ਖ਼ਤਮ ਕਰਨ ਦੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦੇਣਗੀਆਂ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੀ ਸੀਨੀਅਰ ਆਗੂ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਤੇ ਸਰਦੂਲਗੜ੍ਹ ਵਿਖੇ ਔਰਤ ਕਾਨਫ਼ਰੰਸਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਲੋਕਾਈ ਨੂੰ ਅਪੀਲ ਕੀਤੀ ਕਿ ਜੇਕਰ ਉਹ ਪੰਜਾਬ ’ਚੋਂ ਨਸ਼ਿਆਂ ਦਾ ਖ਼ਾਤਮਾ ਚਾਹੁੰਦੇ ਹਨ ਤਾਂ ‘ਆਪ’ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣ। ਇਸ ਉਪਰੰਤ ਦੋਵਾਂ ਥਾਵਾਂ ’ਤੇ ‘ਇਨਸਾਫ਼ ਮਾਰਚ’ ਦੀ ਅਗਵਾਈ ਕਰਦਿਆਂ ਹਰਸਿਮਰਤ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀ ਰਾਜਪਾਲ ਪੰਜਾਬ ਦੇ ਨਾਂਅ ਮੰਗ-ਪੱਤਰ ਭੇਜੇ ਗਏ। ਉਨ੍ਹਾਂ ਮੰਗ ਕੀਤੀ ਕਿ ਨਸ਼ਿਆਂ ਕਾਰਨ ਬਰਬਾਦ ਹੋਏ ਪਰਿਵਾਰਾਂ ਨੂੰ ਇਨਸਾਫ਼ ਦੇਣ ਦੇ ਨਾਲ ਹੀ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ। ਸੰਸਦ ਮੈਂਬਰ ਨੇ ਮੁੱਖ ਮੰਤਰੀ ਦੀ ਪਤਨੀ ’ਤੇ ਲੱਗੇ ਰਿਸ਼ਵਤ ਦੇ ਦੋਸ਼ਾਂ ਦੀ ਜਾਂਚ ਅਤੇ ਪੁਲਿਸ ਦੀਆਂ ਕਥਿਤ ਵਧੀਕੀਆਂ, ਮੋਹਨਜੀਤ ਸਿੰਘ ਸ਼ੇਰੋਂ ’ਤੇ ਤਸ਼ੱਦਦ ਸਮੇਤ ਗੁਲਜ਼ਾਰ ਸਿੰਘ ਦੀ ਕਥਿਤ ਮਜਬੂਰ ਹੋ ਕੇ ਕੀਤੀ ਖ਼ੁਦਕੁਸ਼ੀ ਦੇ ਮਾਮਲਿਆਂ ’ਚ ਇਨਸਾਫ਼ ਦੀ ਮੰਗ ਵੀ ਕੀਤੀ। ਇਕੱਠਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ‘ਪ੍ਰੀਵੈਂਸ਼ਨ ਆਫ਼ ਇਲਿਸਿਟ ਟਰੈਫਿਕ ਇਨ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ ਐਕਟ’ ਤਹਿਤ 2.17 ਲੱਖ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਹੋਣ ਦੇ ਬਾਵਜੂਦ ਸਿਰਫ਼ 7 ਮਾਮਲਿਆਂ ’ਚ ਹੀ ਰੋਕਥਾਮ ਹਿਰਾਸਤ ਦੇ ਹੁਕਮ ਜਾਰੀ ਕਰਨਾ ਦਰਸਾਉਂਦਾ ਹੈ ਕਿ ਸਰਕਾਰ ਨਸ਼ਿਆਂ ਦੇ ਖ਼ਾਤਮੇ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੀ ਵਰਤੋਂ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਜਾ ਸਕਦੀ ਸੀ ਜੋ ਆਪਣੇ ਸਾਥੀਆਂ ਰਾਹੀਂ ਕਾਰੋਬਾਰ ਚਲਾ ਰਹੇ ਹਨ ਜਾਂ ਪੁਲਿਸ ਜਾਂਚ ਦੀਆਂ ਕਮੀਆਂ ਕਾਰਨ ਵਾਰ-ਵਾਰ ਜ਼ਮਾਨਤ ਹਾਸਿਲ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨਸ਼ਿਆਂ ਦੇ ਮਾਮਲੇ ’ਚ ਪਾਰਟੀ ਆਗੂਆਂ ਅਤੇ ਪੁਲਿਸ ਵਿਚਕਾਰ ਕਥਿਤ ਗੱਠਜੋੜ ਨੂੰ ਤੋੜਨ ਲਈ ਤਿਆਰ ਨਹੀਂ ਹੈ। ਬੀਬਾ ਬਾਦਲ ਨੇ ਦੋਸ਼ ਲਗਾਇਆ ਕਿ ਜੇਲ੍ਹਾਂ ’ਚ ਵੀ ਨਸ਼ੇ ਉਪਲਬਧ ਹਨ, ਜਦਕਿ ਜੇਲ੍ਹ ਵਿਭਾਗ ਮੁੱਖ ਮੰਤਰੀ ਕੋਲ ਹੀ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 4 ਹਫ਼ਤਿਆਂ ’ਚ ਨਸ਼ਾ ਖ਼ਤਮ ਕਰਨ ਦੀ ਸਹੁੰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ 4 ਮਹੀਨਿਆਂ ’ਚ ਨਸ਼ਿਆਂ ਦਾ ਖ਼ਾਤਮਾ ਕਰਨ ਦੇ ਵਾਅਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਵੇਂ ਸਰਕਾਰਾਂ ਵਲੋਂ ਵਾਅਦੇ ਤਾਂ ਕੀਤੇ ਗਏ ਪਰ ਪੂਰੇ ਨਹੀਂ ਹੋਏ। ਉਨ੍ਹਾਂ ਆਖਿਆ ਕਿ ਅਕਾਲੀ ਦਲ ਨਸ਼ਿਆਂ ਦੇ ਖ਼ਾਤਮੇ ਲਈ ਨਵਾਂ ਕਾਨੂੰਨ ਲਿਆਏਗਾ, ਜਿਸ ਤਹਿਤ ਨਸ਼ਿਆਂ ਦੇ ਮਾਮਲਿਆਂ ’ਚ 10 ਸਾਲ ਤੱਕ ਜ਼ਮਾਨਤ ਨਾ ਦੇਣ, ਉਮਰ ਕੈਦ ਦੀ ਸਜ਼ਾ ਅਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਵਿਵਸਥਾ ਕੀਤੀ ਜਾਵੇਗੀ। ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ ’ਚ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਹਲਕਾ ਸਰਦੂਲਗੜ੍ਹ ਦੇ ਦਿਲਰਾਜ ਸਿੰਘ ਭੂੰਦੜ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਸਮਾਓਂ, ਕੌਂਸਲਰ ਰੁਪਿੰਦਰ ਕੌਰ ਢਿੱਲੋਂ, ਗੁਰਜੀਤ ਕੌਰ ਤੇ ਸ਼ਿੰਦਰਪਾਲ ਕੌਰ ਮਾਨਸਾ, ਚਿਤਵੰਤ ਕੌਰ ਸਮਾਓਂ, ਸੁਖਵਿੰਦਰ ਕੌਰ ਸੁੱਖੀ, ਲਾਭ ਕੌਰ ਮੂਸਾ, ਸੁਖਜੀਤ ਕੌਰ ਝੱਬਰ, ਪਰਮਜੀਤ ਕੌਰ ਜੋਗਾ , ਮਨਦੀਪ ਕੌਰ ਹੀਰੋ ਕਲਾਂ, ਗੋਲੋ ਕੌਰ ਸਮਾਓਂ, ਕਿਰਨਜੀਤ ਕੌਰ ਖ਼ਿਆਲਾ ਕਲਾਂ, ਸੂਰਜ ਕੌਰ ਖ਼ਿਆਲਾ, ਹਰਜਿੰਦਰ ਕੌਰ ਅਤਲਾ, ਮੱਖਣ ਕੌਰ ਮਾਨਸਾ, ਸਿਮਰਜੀਤ ਕੌਰ ਬਹਿਣੀਵਾਲ, ਸੀਤਾ ਕੌਰ ਬਹਿਣੀਵਾਲ, ਜਸਪਾਲ ਕੌਰ ਖੋਖਰ, ਰਮਨਦੀਪ ਕੌਰ ਸਾਧੂਵਾਲਾ, ਸੁਰਿੰਦਰ ਕੌਰ ਆਹਲੂਪੁਰ, ਕਰਮਜੀਤ ਕੌਰ ਫੱਤਾ ਮਾਲੋਕਾ, ਜਸਵੀਰ ਕੌਰ ਖੋਖਰ ਕਲਾਂ, ਹਰਜਿੰਦਰ ਕੌਰ ਝੰਡੂਕੇ ਆਦਿ ਸਨ।
ਪਿਛਲੀ ਖ਼ਬਰ ਰੇਲਵੇ ਖੇਡ ਮੈਦਾਨ ਬਠਿੰਡਾ ਦੀ ਵਰਤੋਂ ’ਤੇ ਫ਼ੀਸ ਲਗਾਉਣ ਦਾ ਫ਼ੈਸਲਾ ਬਣਿਆ ਵਿਵਾਦ ਅਗਲੀ ਖ਼ਬਰ ਔਰਤ ਨੇ ਨਹਿਰ ’ਚ ਮਾਰੀ ਛਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।