18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਭਰੂਣ ਹੱਤਿਆ ਖ਼ਿਲਾਫ਼ ਮਜ਼ਬੂਤ ਆਵਾਜ਼ ਬਣਿਆ ਅਕਸ ਰੰਗਮੰਚ ਦਾ ਨਾਟਕ 'ਇੱਕ ਸੀ ਜਲਪਰੀ'

ਅਜੀਤ ਡੈਸਕ 31-01-2026
• ਰਾਜਵਿੰਦਰ ਸਮਰਾਲਾ ਅਤੇ ਕਮਲਜੀਤ ਕੌਰ ਦੀ ਅਦਾਕਾਰੀ ਨੇ ਦਰਸ਼ਕ ਕੀਲੇ
ਦੋਰਾਹਾ, 30 ਜਨਵਰੀ (ਮਨਜੀਤ ਸਿੰਘ ਗਿੱਲ)-ਪ੍ਰਸਿੱਧ ਨਾਟਕਕਾਰ, ਅਦਾਕਾਰ ਅਤੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਵਲੋਂ ਲਿਖੇ ਅਤੇ ਨਿਰਦੇਸ਼ਤ ਕੀਤੇ ਗਏ ਪੰਜਾਬੀ ਨਾਟਕ 'ਇੱਕ ਸੀ ਜਲਪਰੀ' ਦੀ ਮੰਚਨਾਟੀ ਪੇਸ਼ਕਸ਼ ਰਾਮਗੜ੍ਹੀਆ ਭਵਨ, ਦੋਰਾਹਾ 'ਚ ਕੀਤੀ ਗਈ, ਜੋ ਦਰਸ਼ਕਾਂ ਲਈ ਇੱਕ ਭਾਵੁਕ ਅਨੁਭਵ ਸਾਬਤ ਹੋਈ | ਨਾਟਕ ਨੇ ਆਪਣੇ ਗੰਭੀਰ ਤੇ ਸੰਵੇਦਨਸ਼ੀਲ ਵਿਸ਼ੇ ਰਾਹੀਂ ਦਰਸ਼ਕਾਂ ਨੂੰ ਨਾ ਸਿਰਫ਼ ਮਨੋਰੰਜਿਤ ਕੀਤਾ, ਸਗੋਂ ਸਮਾਜਕ ਸੋਚ ਉੱਤੇ ਵੀ ਗਹਿਰਾ ਪ੍ਰਭਾਵ ਛੱਡਿਆ | ਨਾਟਕ ਮੁੱਖ ਤੌਰ 'ਤੇ ਭਰੂਣ ਹੱਤਿਆ ਵਰਗੀ ਗੰਭੀਰ ਸਮਾਜਕ ਬੁਰਾਈ 'ਤੇ ਆਧਾਰਿਤ ਸੀ, ਜਿਸ ਰਾਹੀਂ ਧੀ ਦੇ ਜਨਮ ਤੋਂ ਪਹਿਲਾਂ ਹੀ ਉਸ ਦੀ ਹੱਤਿਆ ਕਰਨ ਵਾਲੀ ਮਨੋਵਿ੍ਤੀ 'ਤੇ ਤਿੱਖਾ ਅਤੇ ਮਜ਼ਬੂਤ ਪ੍ਰਹਾਰ ਕੀਤਾ ਗਿਆ | ਕਹਾਣੀ ਦੇ ਹਰ ਦਿ੍ਸ਼ ਨੇ ਸਮਾਜ ਦੇ ਕਠੋਰ ਸੱਚ, ਮਾਂ ਦੀ ਅਣਕਹੀ ਪੀੜਾ ਅਤੇ ਲਿੰਗ ਭੇਦਭਾਵ ਦੇ ਦਰਦਨਾਕ ਪੱਖਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ | ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਨੇ ਕਲਪਨਾਤਮਿਕ ਕਥਾ ਨੂੰ ਹਕੀਕਤ ਨਾਲ ਜੋੜਦਿਆਂ ਇਸ ਸੰਵੇਦਨਸ਼ੀਲ ਵਿਸ਼ੇ ਨੂੰ ਕਲਾਤਮਕਤਾ ਅਤੇ ਸੰਵੇਦਨਸ਼ੀਲਤਾ ਨਾਲ ਮੰਚ 'ਤੇ ਪੇਸ਼ ਕੀਤਾ | ਉਨ੍ਹਾਂ ਦੀ ਮਜ਼ਬੂਤ ਦਿਸ਼ਾ ਨਿਰਦੇਸ਼ਨਾ, ਤਿੱਖੇ ਸੰਵਾਦ ਅਤੇ ਸੰਕੇਤਕ ਮੰਚ ਸਜਾਵਟ ਨੇ ਨਾਟਕ ਦੀ ਪ੍ਰਭਾਵਸ਼ੀਲਤਾ ਨੂੰ ਹੋਰ ਵੀ ਉਚਾਈਆਂ 'ਤੇ ਲੈ ਗਿਆ | ਨਾਟਕ ਵਿਚ ਰਾਜਵਿੰਦਰ ਸਮਰਾਲਾ ਅਤੇ ਕਮਲਜੀਤ ਕੌਰ ਦੀ ਅਦਾਕਾਰੀ ਵਿਸ਼ੇਸ਼ ਤੌਰ 'ਤੇ ਸਰਾਹਣਯੋਗ ਰਹੀ | ਦੋਵਾਂ ਕਲਾਕਾਰਾਂ ਨੇ ਆਪਣੇ ਕਿਰਦਾਰਾਂ ਨੂੰ ਗਹਿਰਾਈ ਸਚਾਈ ਨਾਲ ਨਿਭਾਇਆ ਕਿ ਦਰਸ਼ਕ ਭਾਵੁਕ ਹੋ ਗਏ | ਅਕਸ ਰੰਗਮੰਚ ਸਮਰਾਲਾ ਦੀ ਪੂਰੀ ਟੀਮ ਵਲੋਂ ਕੀਤੀ ਗਈ ਮੰਚਨਾਟੀ ਪੇਸ਼ਕਸ਼ ਦੌਰਾਨ ਹਰ ਕਲਾਕਾਰ ਨੇ ਆਪਣੀ ਭੂਮਿਕਾ ਨੂੰ ਨਿਸ਼ਠਾ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ | ਸ਼ਾਮ 6 ਵਜੇ ਸ਼ੁਰੂ ਹੋਏ ਇਸ ਨਾਟਕ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਕਲਾ ਪ੍ਰੇਮੀ ਅਤੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਹਾਜ਼ਰ ਰਹੀਆਂ | ਨਾਟਕ ਦੇ ਅੰਤ 'ਤੇ ਦਰਸ਼ਕਾਂ ਵਲੋਂ ਤਾਲੀਆਂ ਦੀ ਗੂੰਜ ਨਾਲ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ ਅਤੇ ਨਾਟਕ ਦੀ ਭਰਪੂਰ ਪ੍ਰਸ਼ੰਸਾ ਹੋਈ | ਨਾਟਕ ਦੀ ਪੇਸ਼ਕਾਰੀ ਤੋਂ ਪਹਿਲਾਂ ਪ੍ਰਬੰਧਕ ਕਮਲ ਮਹਿੰਦਰਾ, ਚੇਅਰਮੈਨ ਬੰਤ ਸਿੰਘ ਦੋਬੁਰਜੀ, ਉੱਘੇ ਨਾਟਕਕਾਰ ਡਾ. ਸੋਮਪਾਲ ਹੀਰਾ, ਉੱਘੀ ਰੰਗਕਰਮੀ ਸਪਨਦੀਪ, ਬਲਰਾਮ ਸ਼ਰਮਾ, ਲੋਕ ਨਾਥ ਸ਼ਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਨਾਟਕ ਦੀ ਮਹੱਤਤਾ 'ਤੇ ਰੌਸ਼ਨੀ ਪਾਈ | ਇਸ ਮੌਕੇ ਮਨਦੀਪ ਮਾਂਗਟ, ਰਾਜਿੰਦਰ ਗਹੀਰ, ਵਿਨੀਤ ਅਸ਼ਟ, ਕੋਚ ਅਨੀਸ਼ ਭਨੋਟ, ਗੁਰਜੋਤ ਕੌਰ ਮਾਂਗਟ, ਲਾਲੀ ਆਰੇ ਵਾਲੇ, ਜਨਦੀਪ ਕੌਸ਼ਲ, ਹਨੀ ਸੇਠੀ, ਨਿਰਦੋਸ਼ ਕੁਮਾਰ, ਨੰਦਾ, ਰਮੇਸ਼ ਮੇਸ਼ੀ, ਦਲਜੀਤ ਝੱਜ, ਇੰਦਰਪਾਲ, ਮੋਹਿਤ ਸ਼ਰਮਾ, ਚੀਨੂੰ ਸ਼ਰਮਾ, ਵਿਨੇ ਸੂਦ, ਨਰਿੰਦਰ ਅੰਗਰਿਸ਼ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਸਾਹਨੇਵਾਲ 'ਚ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਕੁਰਬਾਨੀਆਂ ਕਰ ਕੇ ਹੋਂਦ 'ਚ ਆਈ ਸਰਬੋਤਮ ਸਿੱਖ ਸੰਸਥਾ ਨੂੰ ਬਚਾਉਣ ਲਈ ਅੱਗੇ ਆਵੇ ਸਿੱਖ ਪੰਥ-ਭਾਈ ਰਣਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।