07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

78 ਕਰੋੜ ਦੀ ਆਨਲਾਈਨ ਠੱਗੀ 'ਚ ਖੰਨਾ ਪੁਲਿਸ ਨੇ 9 ਵਿਅਕਤੀ ਗਿ੍ਫ਼ਤਾਰ ਕੀਤੇ

ਅਜੀਤ ਡੈਸਕ 21-02-2026
ਖੰਨਾ, 20 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਆਨਲਾਈਨ 78 ਕਰੋੜ 5 ਲੱਖ 15 ਹਜ਼ਾਰ ਰੁਪਏ ਦੀ ਠੱਗੀ ਹੋਣ ਦੀਆਂ 200 ਸ਼ਿਕਾਇਤਾਂ ਦੇ ਮਾਮਲੇ ਵਿਚ ਸ਼ਾਮਿਲ ਗਿਰੋਹ ਦੇ 9 ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਬਾਕੀ ਅਜੇ ਜਾਂਚ ਜਾਰੀ ਹੈ, ਅਜੇ ਹੋਰ ਕਈ ਗਿ੍ਫ਼ਤਾਰੀਆਂ ਹੋਣਗੀਆਂ ਅਤੇ ਵੱਡੀ ਮਾਤਰਾ ਵਿਚ ਬਰਾਮਦਗੀ ਵੀ ਹੋਵੇਗੀ | ਐੱਸ. ਐੱਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਈਬਰ ਠੱਗਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ | ਐੱਸ. ਪੀ. (ਡੀ) ਪਵਨਜੀਤ, ਡੀ. ਐੱਸ. ਪੀ. (ਡੀ) ਮੋਹਿਤ ਸਿੰਗਲਾ, ਇੰਸਪੈਕਟਰ ਵਿਨੋਦ ਕੁਮਾਰ ਥਾਣਾ ਸਾਈਬਰ ਕ੍ਰਾਈਮ ਖੰਨਾ ਵਲੋਂ ਸਾਈਬਰ ਠੱਗੀ ਮਾਰਨ ਵਾਲੇ 9 ਵਿਅਕਤੀ ਗਿ੍ਫ਼ਤਾਰ ਕੀਤੇ ਗਏ ਹਨ | 53 ਬੈਂਕ ਖਾਤਿਆਂ ਸਬੰਧੀ ਵੱਖ ਵੱਖ ਦਰਖਾਸਤਾਂ ਮਿਲੀਆਂ ਸਨ ਕਿ ਇਹ ਖਾਤੇ ਵਿੱਤੀ ਧੋਖਾਧੜੀ ਵਿਚ ਵਰਤੇ ਗਏ ਹਨ ਅਤੇ ਇਹ ਖਾਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਬੈਂਕਾਂ ਨਾਲ ਸਬੰਧਿਤ ਬਰਾਂਚਾਂ ਵਿਚ ਖੁੱਲੇ੍ਹ ਸਨ | ਜਿਸ 'ਤੇ ਮੁਕੱਦਮਾ ਦਰਜ ਕਰ ਕੇ ਇਨ੍ਹਾਂ 53 ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚ 43,54,771 ਰੁਪਏ ਦੀ ਧੋਖਾਧੜੀ ਹੋਈ ਹੈ | ਦੋਸ਼ੀਆਂ ਵਿਚ ਸੋਨੂੰ ਕੁਮਾਰ ਵਾਸੀ ਲੁਧਿਆਣਾ, ਸੁਰਿੰਦਰਪਾਲ ਸਿੰਘ ਉਰਫ਼ ਡਿਪਟੀ ਵਾਸੀ ਖੰਨਾ, ਵਿੱਕੀ ਪ੍ਰਸ਼ਾਦ ਵਿੱਕੀ ਵਾਸੀ ਮੰਡੀ ਗੋਬਿੰਦਗੜ੍ਹ, ਰਾਜਨ ਵਾਸੀ ਲੁਧਿਆਣਾ, ਗੋਪਾਲ ਵਾਸੀ ਜ਼ਿਲ੍ਹਾ ਜੋਧਪੁਰ ਰਾਜਸਥਾਨ, ਆਲੀਆ ਅਹਿਮਦ ਵਾਸੀ ਦਿੱਲੀ ਥਾਣਾ ਕੇਹਰਾ ਜੋ ਕਿ ਗੈਂਗ ਲੀਡਰ ਹੈ, ਸੁਮਿਤ ਕੁਮਾਰ ਝਾਅ ਵਾਸੀ ਬਰਧਮਾਨ (ਪੱਛਮੀ ਬੰਗਾਲ), ਮਲਨ ਰਾਏ ਉਰਫ਼ ਸੋਨੂੰ ਵਾਸੀ ਖੰਨਾ ਅਤੇ ਰਾਮਧਨ ਵਾਸੀ ਮੰਡੀ ਗੋਬਿੰਦਗੜ੍ਹ ਆਦਿ ਸ਼ਾਮਿਲ ਹਨ | ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆਂ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਜੇ ਹੋਰ ਦੋਸ਼ੀਆਂ ਦੀ ਗਿ੍ਫ਼ਤਾਰੀ ਵੀ ਕੀਤੀ ਜਾਵੇਗੀ | ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ 200 ਦਰਖਾਸਤਾਂ ਪੁਲਿਸ ਕੋਲ ਹਨ ਅਤੇ ਕੁੱਲ 78,05,15,876 ਰੁਪਏ ਦੀ ਧੋਖਾਧੜੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਜਲਦੀ ਹੀ ਬਾਕੀ ਬੈਂਕ ਖਾਤਿਆਂ ਨੂੰ ਖੰਗਾਲਿਆ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਮਾਣੂੰਕੇ ਦੇ ਸਰਪੰਚ ਹੈਪੀ ਨੂੰ ਕੋਆਪੇ੍ਰਟਿਵ ਬੈਂਕ ਲੁਧਿਆਣਾ ਦਾ ਚੇਅਰਮੈਨ ਲਾਇਆ ਅਗਲੀ ਖ਼ਬਰ ਪਤੀ ਤੇ ਸਹੁਰੇ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਪ੍ਰੇਮੀ ਸੰਗ ਹੋਈ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।