ਮਲੌਦ, 28 ਫਰਵਰੀ (ਦਿਲਬਾਗ ਸਿੰਘ ਚਾਪੜਾ)- ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਪਰਾਂ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਦੇ ਦਿਨਾਂ ਦੀ ਯਾਦ ਤਾਜ਼ਾ ਕਰ ਦਿੱਤੀ ਜਦੋਂ ਆਏ ਦਿਨ ਝੂਠੇ ਪੁਲਿਸ ਮੁਕਾਬਲਿਆਂ ਵਿਚ ਨੌਜਵਾਨਾਂ ਨੂੰ ਕੋਹ-ਕੋਹ ਕੇ ਮਾਰਿਆਂ ਜਾਂਦਾ ਸੀ | ਹੁਣ ਜਦੋਂ ਇੱਕ 19 ਸਾਲਾ ਨੌਜਵਾਨ ਨੂੰ ਘਰੋਂ ਚੁੱਕ ਕੇ ਮਾਰਿਆ ਗਿਆ | ਜਿਨ੍ਹਾਂ ਉੱਪਰ ਪੁਲਿਸ ਕਥਿਤ ਤੌਰ 'ਤੇ ਦੋ ਮੁਲਾਜ਼ਮ ਮਾਰਨ ਅਤੇ ਆਈ. ਐਸ. ਆਈ ਨਾਲ ਸਬੰਧ ਜੁੜੇ ਹੋਣ ਦੇ ਦੋਸ ਲਾ ਰਹੀ ਹੈ | ਜਦੋਂ ਕਿ ਪਹਿਲਾ ਉਨ੍ਹਾਂ ਮੁਲਾਜ਼ਮਾਂ ਦੇ ਆਪਸ ਵਿਚ ਗੋਲੀ ਮਾਰਨ ਦੀਆਂ ਬਿਆਨਬਾਜ਼ੀਆਂ ਚੱਲਦੀਆਂ ਸਨ | ਅਕਾਲੀ ਆਗੂ ਲਾਪਰਾਂ ਨੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਇਸ ਮਸਲੇ 'ਤੇ ਧਾਰੀ ਚੁੱਪ ਉੱਪਰ ਸਵਾਲ ਚੁੱਕਦਿਆਂ ਕਿਹਾ ਕਿ ਆਪਣੇ ਆਪ ਨੂੰ ਸੱਚਾ ਸਿੱਖ ਅਖਵਾਉਣ ਅਤੇ ਹਰ ਛੋਟੇ ਛੋਟੇ ਮਸਲੇ ਤੇ ਲਾਈਵ ਹੋ ਕੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਕੋਸਣ ਵਾਲੇ ਵਿਧਾਇਕ ਸਾਹਿਬ ਹੁਣ ਖ਼ਾਮੋਸ਼ ਕਿਉਂ ਹਨ | ਜਦੋਂ ਦੋ ਪਰਿਵਾਰਾਂ ਦੇ 19 ਸਾਲਾ ਇਕਲੌਤੇ ਪੁੱਤਰ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਰਾਹੀਂ ਖ਼ਤਮ ਕਰ ਦਿੱਤਾ | ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਦੋ ਪੁਲਿਸ ਦੇ ਜਵਾਨਾਂ ਦੀ ਮੌਤ ਦਾ ਬੇਹੱਦ ਦੁੱਖ ਹੈ | ਪਰ ਸਵਾਲ ਇਹ ਵੀ ਹੈ ਕਿ ਜੇ ਸਾਡੇ ਥਾਣੇ ਜਾਂ ਚੌਕੀਆਂ ਵਿਚ ਤਾਇਨਾਤ ਫੋਰਸ ਦੇ ਜਵਾਨ ਹੀ ਸੇਫ਼ ਨਹੀ ਤਾਂ ਆਮ ਜਨਤਾ ਦਾ ਕੀ ਬਣੇਗਾ | ਆਏ ਦਿਨ ਫਿਰੌਤੀਆਂ ਅਤੇ ਕਤਲਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਪੰਜਾਬ ਦੇ ਲੋਕ ਅਜੇ ਪਹਿਲੇ ਸੰਤਾਪ ਨੂੰ ਹੀ ਨਹੀਂ ਭੁੱਲੇ | ਜਦੋਂ ਆਏ ਦਿਨ ਸਾਡੇ ਆਪਣਿਆਂ ਨੂੰ ਆਪਣਿਆਂ ਰਾਹੀਂ ਹੀ ਖ਼ਤਮ ਕੀਤਾ ਜਾਂਦਾ ਸੀ | ਜਿਸ ਦੀ ਹਲਕਾ ਵਿਧਾਇਕ ਖ਼ੁਦ ਗੱਲ ਕਰਦੇ ਰਹਿੰਦੇ ਹਨ | ਪਰ ਆਪਣੀ ਸਰਕਾਰ ਵਿਚ ਵਾਪਰੇ ਅਜਿਹੇ ਮਸਲੇ ਵਿਚ ਉਨ੍ਹਾਂ ਨੂੰ ਜ਼ਰੂਰ ਬੋਲਣਾ ਚਾਹੀਦਾ ਹੈ | ਪਤਾ ਕਰਨਾ ਚਾਹੀਦਾ ਹੈ ਕਿ ਹੁਣ ਫੇਰ ਸਾਡੇ ਆਪਣੇ ਹੀ ਕਿਉਂ ਖ਼ਤਮ ਹੋ ਰਹੇ ਹਨ | ਉਹ ਕਿਹੜੀਆਂ ਤਾਕਤਾਂ ਹਨ ਜਿਹੜੀਆਂ ਭਰਾ ਮਾਰੂ ਜੰਗ ਕਰਵਾ ਰਹੀਆਂ ਹਨ |
ਨੌਜਵਾਨ ਦੇ ਝੂਠੇ ਪੁਲਿਸ ਮੁਕਾਬਲੇ 'ਤੇ ਹਲਕਾ ਵਿਧਾਇਕ ਖਾਮੋਸ ਕਿਉਂ-ਲਾਪਰਾਂ
ਅਜੀਤ ਡੈਸਕ
01-03-2026