ਖੰਨਾ, 28 ਫਰਵਰੀ (ਹਰਜਿੰਦਰ ਸਿੰਘ ਲਾਲ)-ਇੰਟਰਨੈਸ਼ਨਲ ਸਕੂਲ ਆਫ਼ ਦ੍ਰਾਵਿੜੀਅਨ ਲਿੰਗੁਇਸਟਿਕਸ ਅਤੇ ਦ੍ਰਾਵਿੜੀਅਨ ਲਿੰਗੁਇਸਟਿਕ ਐਸੋਸੀਏਸ਼ਨ ਆਫ਼ ਇੰਡੀਆ ਤਿ੍ਵਨੰਤਪੁਰਮ, ਕੇਰਲਾ ਵਲੋਂ ਕਰਵਾਏ ਪ੍ਰੋਗਰਾਮ ਵਿਚ ਖੰਨਾ ਦੇ ਪ੍ਰਮੁੱਖ ਵਿਦਵਾਨ ਡਾ. ਹਰਪਾਲ ਸਿੰਘ ਭੱਟੀ ਸਮੇਤ ਪੰਜਾਬ ਦੇ ਕਈ ਵਿਦਵਾਨਾਂ ਨੇ ਹਿੱਸਾ ਲਿਆ ਤੇ ਪਰਚੇ ਪੜੇ | ਡਾ. ਭੱਟੀ ਅਨੁਸਾਰ ਪ੍ਰੋ. ਵੀ. ਆਈ.ਸੁਬਰਾਮਨੀਅਮ ਸ਼ਤਾਬਦੀ ਸਮਾਗਮਾਂ ਦੀ ਲੜੀ ਤਹਿਤ 'ਕੰਟੈਪਰਰੀ ਰੈਲਵੈਂਸ ਆਫ ਇੰਡੀਅਨ ਨਾਲਿਜ ਸਿਸਟਮ' ਵਿਸ਼ੇ 'ਤੇ 18 ਤੋਂ 20 ਫਰਵਰੀ 2026 ਤੱਕ ਕਰਵਾਏ ਗਏ ਰਾਸ਼ਟਰੀ ਸੈਮੀਨਾਰ ਵਿੱਚ ਭਾਗ ਲੈਣ ਲਈ ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ ਦੀ ਟੀਮ ਉਚੇਚੇ ਤੌਰ 'ਤੇ ਪਹੁੰਚੀ | ਪੀ. ਐੱਲ. ਏ. ਦੇ ਪ੍ਰਧਾਨ ਪ੍ਰੋਫ਼ੈਸਰ ਭੁਪਿੰਦਰ ਸਿੰਘ ਖਹਿਰਾ ਦੀ ਅਗਵਾਈ ਵਿੱਚ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਡਾ. ਹਰਪਾਲ ਸਿੰਘ ਭੱਟੀ, ਡੀ. ਐੱਸ.ਪੀ. ਸੁਖਜੀਤ ਸਿੰਘ ਵਿਰਕ (ਰਿਟਾ. ਪੀ. ਪੀ. ਐੱਸ.) ਅਤੇ ਲੈਕ. ਰਾਜੂ ਨੇ ਭਾਗ ਲਿਆ | ਡਾ. ਹਰਪਾਲ ਸਿੰਘ ਭੱਟੀ ਨੇ ਅੱਜ ਖੰਨਾ ਵਿਚ ਦੱਸਿਆ ਕਿ ਕੇਰਲਾ ਦੇ ਗਵਰਨਰ ਰਾਜੇਂਦ ਵਿਸ਼ਵਾਨਾਥ ਅਰਲੇਕਰ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਮੀਨਾਰ ਵਿੱਚ ਪ੍ਰੋ. ਭੁਪਿੰਦਰ ਸਿੰਘ ਖਹਿਰਾ ਨੇ 'ਕੰਟੈਪਰਰੀ ਸੈਮੀਅÏਟਿਕਸ ਐਂਡ ਏਸ਼ੀਅਨ ਇੰਡੀਅਨ ਇਨਸਾਈਟਸ' ਵਿਸ਼ੇ 'ਤੇ ਪਰਚਾ ਪੜਿਆ ਜਦ ਕਿ ਡਾ.ਹਰਪਾਲ ਸਿੰਘ ਭੱਟੀ ਅਤੇ ਲੈਕ. ਰਾਜੂ ਨੇ 'ਰੈਲੇਵੈਂਸ ਆਫ ਟਰੈਡੀਸ਼ਨਲ ਇੰਡੀਅਨ ਪੋਇਟਿਕਸ ਟੂ ਮਾਡਰੈਨਿਟੀ' ਵਿਸ਼ੇ 'ਤੇ ਆਪਣੇ ਖੋਜ-ਪੱਤਰ ਪੇਸ਼ ਕੀਤੇ | ਇਸ ਸੈਮੀਨਾਰ ਦੇ ਸਮਾਪਤੀ-ਸਮਾਰੋਹ ਦੌਰਾਨ ਪ੍ਰੋਫ਼ੈਸਰ ਭੁਪਿੰਦਰ ਸਿੰਘ ਖਹਿਰਾ ਦੀ ਪੁਸਤਕ 'ਸੈਮੀਓਟਿਕਸ ਐਂਡ ਨੈਰੇਟਿਵ ਆਫ ਪੰਜਾਬ' ਦੀ ਡਾ. ਜੀ. ਸੀ. ਸੰਕਰ ਦੁਆਰਾ ਤਾਮਿਲ ਵਿੱਚ ਅਨੁਵਾਦ ਕੀਤੀ ਪੁਸਤਕ ਦਾ ਲੋਕ-ਅਰਪਣ ਵੀ ਕੀਤਾ ਗਿਆ | ਇਸ ਮੌਕੇ ਪੀ. ਐੱਲ. ਏ. ਟੀਮ ਨੇ ਆਈ. ਐੱਸ. ਡੀ. ਐੱਲ. ਕੈਂਪਸ ਵਿੱਚ ਪ੍ਰੋ. ਵੀ.ਆਈ. ਸੁਬਰਾਮਨੀਅਮ ਦੀ ਯਾਦ ਵਿੱਚ ਮੌਲਸਰੀ ਅਤੇ ਪ੍ਰੋ. ਜੀ.ਕੇ. ਪਾਨੀਕਰ ਦੀ ਮੁਹੱਬਤ ਨੂੰ ਸਮਰਪਿਤ ਟਿਕੋਮਾ ਦੇ ਬੂਟੇ ਵੀ ਲਗਾਏ |