ਸਮਰਾਲਾ, 1 ਮਾਰਚ (ਰਾਮ ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਈਰਾਨ-ਅਮਰੀਕਾ ਜੰਗ ਕਾਰਨ ਜੰਗ ਵਾਲੇ ਦੇਸ਼ਾਂ ਵਿਚ ਗਏ ਪੰਜਾਬੀ ਕਾਮਿਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਵਿਸ਼ੇਸ਼ ਜਹਾਜ਼ ਭੇਜ ਕੇ ਇੱਕ-ਇੱਕ ਪੰਜਾਬੀ ਦੀ ਜਾਨ ਬਚਾਉਣਾ ਸਾਡਾ ਫ਼ਰਜ਼ ਹੈ | ਵਿਦੇਸ਼ਾਂ ਵਿਚ ਵੱਡੀ ਗਿਣਤੀ 'ਚ ਗਏ ਪੰਜਾਬੀਆਂ ਦੀ ਸੁਰੱਖਿਆ ਦੀ ਚਿੰਤਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਮਿਲਣਗੇ ਅਤੇ ਚਿੱਠੀ ਵੀ ਲਿਖ ਰਹੇ ਹਨ | ਬਾਦਲ ਅੱਜ ਸਥਾਨਕ ਅਨਾਜ ਮੰਡੀ ਵਿਚ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਹੋਈ 'ਪੰਜਾਬ ਬਚਾਓ' ਰੈਲੀ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਪਿਛਲੇ 9 ਸਾਲਾਂ ਵਿਚ ਕਾਂਗਰਸ ਅਤੇ ਆਪ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਹੈ | ਇਸ ਲਈ ਹੁਣ ਪੰਜਾਬ ਨੂੰ ਬਚਾਉਣ ਲਈ ਕੋਈ ਰਾਜਨੀਤਿਕ ਤਜਰਬਾ ਨਹੀਂ ਕੀਤਾ ਜਾ ਸਕਦਾ ਬਲਕਿ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ 'ਤੇ ਲਿਆਉਣ ਅਤੇ ਮੌਜੂਦਾ ਸਰਕਾਰ ਵਲੋਂ ਬੰਦ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਮੁੜ ਸ਼ੁਰੂ ਕਰਨ ਲਈ ਅਕਾਲੀ ਦਲ ਦੀ ਸਰਕਾਰ ਬਣਾਉਣੀ ਚਾਹੀਦੀ ਹੈ, ਜੇਕਰ ਲੋਕਾਂ ਨੇ ਆਪ ਪਾਰਟੀ ਨੂੰ ਪੰਜਾਬ 'ਚ ਇੱਕ ਹੋਰ ਮੌਕਾ ਦਿੱਤਾ ਤਾਂ ਪੰਜਾਬ ਤਬਾਹ ਹੋ ਜਾਵੇਗਾ | ਪਹਿਲੀ ਵਾਰ ਭਾਜਪਾ ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ, ਕੇਜਰੀਵਾਲ ਜਾਂ ਮੋਦੀ ਨੂੰ ਪੰਜਾਬ ਨਾਲ ਕੋਈ ਦਰਦ ਨਹੀਂ ਹੋ ਸਕਦਾ ਅਤੇ ਸਿਰਫ਼ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੀ ਪੰਜਾਬ ਦਾ ਦਰਦ ਸਮਝਦਾ ਹੈ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਗੁੰਡਾਗਰਦੀ ਅਤੇ ਗੈਂਗਸਟਰਾਂ ਦਾ ਰਾਜ ਹੈ ਅਤੇ ਲੋਕਾਂ ਨੂੰ ਫਿਰੌਤੀ ਲਈ ਆਈਆਂ ਧਮਕੀਆਂ ਵਾਲਿਆਂ ਨੂੰ ਪੁਲਿਸ ਅਧਿਕਾਰੀ ਖ਼ੁਦ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੀ ਸਲਾਹ ਦੇ ਰਹੇ ਹਨ, ਕਿਉਂਕਿ ਝਾੜੂ ਦੀ ਸਰਕਾਰ ਨੇ ਅਧਿਕਾਰੀਆਂ ਨੂੰ ਪਹਿਲਾਂ ਹੀ ਆਪਣੇ ਵਿਅਕਤੀਆਂ ਨੂੰ ਹੱਥ ਨਾ ਪਾਉਣ ਦੀਆਂ ਹਦਾਇਤਾਂ ਦੇ ਰੱਖੀਆਂ ਹਨ | ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਕੋਲ 10 ਹਜਾਰ ਕਰੋੜ ਰੁਪਿਆ ਹੜ੍ਹਾਂ ਦਾ ਫ਼ੰਡ ਹੋਣ ਦੇ ਬਾਵਜੂਦ ਵੀ ਇੱਕ ਧੇਲਾ ਵੀ ਹਰ ਪੀੜਤਾਂ ਨੂੰ ਨਹੀਂ ਦਿੱਤਾ ਗਿਆ | ਬਲਕਿ ਚਾਰ ਸਾਲਾਂ ਵਿਚ ਪੰਜਾਬ ਦੇ ਸਾਡੇ ਚਾਰ ਹਜਾਰ ਕਰੋੜ ਰੁਪਏ ਸੂਬੇ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਆਪਣੀ ਝੂਠੀ ਇਸ਼ਤਿਹਾਰਬਾਜ਼ੀ ਦੇ ਬੋਰਡ ਲਾਉਣ 'ਤੇ ਖ਼ਰਚ ਦਿੱਤੇ ਹਨ | ਉਨ੍ਹਾਂ ਨੇ ਅਕਾਲੀ ਸਰਕਾਰ ਬਣਨ ਤੇ ਵਰਲਡ ਕਲਾਸ ਯੂਨੀਵਰਸਿਟੀ ਖ਼ੋਲ ਕੇ ਇਕ ਲੱਖ ਵਿਅਕਤੀਆਂ ਨੂੰ ਕਿੱਤੇ ਦੀ ਸਿਖਲਾਈ ਦੇਣ ਦਾ ਐਲਾਨ ਕੀਤਾ | ਇਸ ਤੋਂ ਪਹਿਲਾਂ ਅਕਾਲੀ ਦਲ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਅੱਜ ਸਮਰਾਲੇ 'ਚ ਰੈਲੀ ਦੇ ਇਤਿਹਾਸਿਕ ਇਕੱਠ ਲਈ ਪਰਮਜੀਤ ਸਿੰਘ ਢਿੱਲੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਪੰਜਾਬ ਨੂੰ ਬਚਾਉਣ ਲਈ ਪੰਜਾਬੀ ਇੱਕਜੁੱਟ ਹੋ ਕੇ ਸੁਖਬੀਰ ਸਿੰਘ ਦੀ ਅਗਵਾਈ ਵਿਚ ਅਕਾਲੀ ਸਰਕਾਰ ਬਣਾਉਣ ਲਈ ਉਤਾਵਲੇ ਹੋਏ ਪਏ ਹਨ | ਇਸ ਮੌਕੇ 'ਤੇ ਹਲਕਾ ਇੰਚਾਰਜ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਰਾਜਨੀਤੀ ਤੋਂ ਉੱਪਰ ਉੱਠ ਕੇ ਵਿਰੋਧੀ ਵੀ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਤਰੱਕੀ ਅਤੇ ਹਿਤਾਂ ਦੀ ਲੜਾਈ ਲੜ ਰਿਹਾ ਹੈ | ਜਦਕਿ ਕਾਂਗਰਸ ਦੇ ਆਗੂ ਆਪਸ ਵਿਚ ਮੁੱਖ ਮੰਤਰੀ ਦੀ ਲੜਾਈ ਲੜ ਰਹੇ ਹਨ | ਇਸ ਲਈ ਹੁਣ ਭਵਿੱਖ ਅਕਾਲੀ ਦਲ ਦਾ ਹੈ ਅਤੇ ਸੁਖਬੀਰ ਸਿੰਘ ਬਾਦਲ ਅਗਲੇ ਪੰਜਾਬ ਦੇ ਮੁੱਖ ਮੰਤਰੀ ਹੋਣਗੇ | ਇਸ ਰੈਲੀ ਵਿਚ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਹੀਰਾ ਸਿੰਘ ਗਾਬੜੀਆ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਯੂਥ ਵਿੰਗ ਦੇ ਮੀਤ ਪ੍ਰਧਾਨ ਅੰਮਿ੍ਤਪਾਲ ਸਿੰਘ ਗੁਰੋਂ, ਸੀਨੀਅਰ ਅਕਾਲੀ ਆਗੂ, ਰਾਜਿੰਦਰ ਸਿੰਘ ਢਿੱਲੋਂ, ਯਾਦਵਿੰਦਰ ਸਿੰਘ ਯਾਦੂ, ਮਾਲਵਾ ਕਾਲਜ ਦੇ ਪ੍ਰਧਾਨ ਆਲਮਦੀਪ ਸਿੰਘ ਮਲਮਾਜਰਾ, ਜਥੇਦਾਰ ਹਰਜਤਿੰਦਰ ਸਿੰਘ ਬਾਜਵਾ, ਡਾ. ਪਰਵਿੰਦਰ ਸਿੰਘ ਬੱਲੀ, ਜਥੇਦਾਰ ਅਮਰੀਕ ਸਿੰਘ ਹੇੜੀਆਂ, ਗੁਰਮੀਤ ਸਿੰਘ ਢੀਂਡਸਾ, ਸੁਖਵਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਕੌਂਸਲਰ, ਪ੍ਰਕਾਸ਼ ਕੌਰ, ਮੈਡਮ ਕੌਫ਼ੀ ਅਤੇ ਪਰਮਜੀਤ ਕੌਰ ਕੰਗ ਆਦਿ ਤੋਂ ਇਲਾਵਾ ਅਨੇਕਾਂ ਵਰਕਰ ਹਾਜ਼ਰ ਸਨ |
ਸਮਰਾਲਾ 'ਚ 'ਪੰਜਾਬ ਬਚਾਓ' ਰੈਲੀ ਦੌਰਾਨ ਸੁਖਬੀਰ ਬਾਦਲ ਨੇ ਸਰਕਾਰ ਤੇ ਦਿੱਲੀ ਦੀਆਂ ਰਾਜਸੀ ਪਾਰਟੀਆਂ 'ਤੇ ਸਾਧੇ ਨਿਸ਼ਾਨੇ <br/>
ਅਜੀਤ ਡੈਸਕ
02-03-2026