14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੰਜਾਬ ਅੰਦਰ ਦੁਬਾਰਾ 'ਆਪ' ਦੀ ਸਰਕਾਰ ਬਣਨ 'ਤੇ ਖੰਨਾ 'ਚ 15 ਦਿਨਾਂ ਦਾ ਵਿਰਾਸਤੀ ਮੇਲਾ ਲਾਇਆ ਜਾਵੇਗਾ- ਮੰਤਰੀ ਤਰੁਨਪ੍ਰੀਤ ਸਿੰਘ ਸੌਂਦ

ਅਜੀਤ ਡੈਸਕ 04-03-2026
ਖੰਨਾ, 3 ਮਾਰਚ (ਹਰਜਿੰਦਰ ਸਿੰਘ ਲਾਲ)-ਪੰਜਾਬ ਸਖੀ ਸ਼ਕਤੀ ਮੇਲਾ-2026 ਆਪਣੇ ਆਖ਼ਰੀ ਦਿਨ ਸ਼ਾਨਦਾਰ ਅਤੇ ਯਾਦਗਾਰੀ ਅੰਦਾਜ਼ ਵਿੱਚ ਸੰਪੰਨ ਹੋ ਗਿਆ | ਸਮਾਪਤੀ ਮੌਕੇ ਕਰਵਾਏ ਗਏ ਸਟਾਰ ਨਾਈਟ ਪ੍ਰੋਗਰਾਮ ਦੌਰਾਨ ਪੰਜਾਬੀ ਗਾਇਕੀ ਦੇ ਥੰਮ ਮਨਮੋਹਨ ਵਾਰਿਸ ਤੇ ਕਮਲ ਹੀਰ ਦੀ ਮਸ਼ਹੂਰ ਜੋੜੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਐਸਾ ਰੰਗ ਬੰਨਿ੍ਹਆ ਕਿ ਸਾਰਾ ਗਰਾਊਾਡ ਨੱਚਦਾ ਨਜ਼ਰ ਆਇਆ | ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣਾ ਅਤੇ ਅੱਗੇ ਵਧਾਉਣਾ ਸਰਕਾਰ ਦੀ ਪਹਿਲੀ ਤਰਜੀਹ ਹੈ | ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਦੀ ਜ਼ਿੰਮੇਵਾਰੀ ਮਿਲੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਵਿਭਾਗ ਵਿੱਚ ਜਾ ਕੇ ਫ਼ਾਈਲਾਂ ਮੰਗਵਾਈਆਂ ਅਤੇ ਪਤਾ ਕੀਤਾ ਕਿ ਪੰਜਾਬ ਅੰਦਰ ਵਿਰਾਸਤੀ ਮੇਲਿਆਂ ਲਈ ਕਿੰਨਾ ਬਜਟ ਹੈ | ਉਹ ਬੜੇ ਹੈਰਾਨ ਹੋਏ ਕਿ ਸਿਰਫ਼ 5 ਕਰੋੜ ਰੁਪਏ ਸਾਲਾਨਾ ਬਜਟ ਰੱਖਿਆ ਗਿਆ ਸੀ, ਜੋਕਿ ਪਿਛਲੀਆਂ ਸਰਕਾਰਾਂ ਦੀ ਬਦੌਲਤ ਸੀ | ਇਹ ਜਾਣਕਾਰੀ ਮਿਲਣ 'ਤੇ ਉਹ ਹੈਰਾਨ ਰਹਿ ਗਏ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਗਏ ਅਤੇ ਬੇਨਤੀ ਕੀਤੀ ਕਿ ਪੰਜਾਬ ਦੀ ਸਭਿਆਚਾਰਕ ਰੌਣਕ ਵਧਾਉਣ ਲਈ ਇਸ ਬਜਟ ਵਿੱਚ ਵਾਧਾ ਕੀਤਾ ਜਾਵੇ | ਮੁੱਖ ਮੰਤਰੀ ਨੇ ਖੁੱਲ੍ਹੇ ਦਿਲ ਨਾਲ ਕਿਹਾ ਕਿ ਜਿੰਨਾ ਲੋੜੀਂਦਾ ਹੋਵੇ, ਉਨ੍ਹਾਂ ਹੀ ਬਜਟ ਰੱਖਿਆ ਜਾਵੇ | ਨਤੀਜੇ ਵਜੋਂ, ਸਭਿਆਚਾਰਕ ਮੇਲਿਆਂ ਲਈ ਬਜਟ ਨੂੰ 20 ਗੁਣਾ ਵਧਾ ਕੇ 100 ਕਰੋੜ ਰੁਪਏ ਕਰ ਦਿੱਤਾ ਗਿਆ, ਜਿਸ ਕਾਰਨ ਅੱਜ ਪੰਜਾਬ ਦੇ ਹਰ ਕੋਨੇ ਵਿੱਚ ਸਭਿਆਚਾਰਕ ਰੌਣਕਾਂ ਮੁੜ ਪਰਤੀਆਂ ਹਨ | ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਅਜਿਹੇ ਮੇਲੇ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਇਹ ਪੰਜਾਬੀ ਸਭਿਆਚਾਰ, ਲੋਕਧਾਰਾ, ਲੋਕਸੰਗੀਤ ਅਤੇ ਰਵਾਇਤਾਂ ਨੂੰ ਜਿਉਂਦਾ ਰੱਖਣ ਦਾ ਮਹੱਤਵਪੂਰਨ ਮਾਧਿਅਮ ਹਨ | ਇਹ ਮੇਲੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਦੇ ਹਨ ਅਤੇ ਉਨ੍ਹਾਂ ਵਿੱਚ ਆਪਣੀ ਮਿੱਟੀ ਨਾਲ ਪਿਆਰ ਪੈਦਾ ਕਰਦੇ ਹਨ | ਨਾਲ ਹੀ, ਇਹ ਮਹਿਲਾ ਸਸ਼ਕਤੀਕਰਨ ਲਈ ਵੀ ਵੱਡਾ ਮੰਚ ਸਾਬਤ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਲੱਗੀਆਂ ਕੁੱਲ ਸਟਾਲਾਂ ਵਿਚੋਂ 25 ਫ਼ੀਸਦੀ ਸਟਾਲਾਂ ਸੈੱਲਫ਼ ਹੈਲਪ ਗਰੁੱਪਾਂ ਲਈ ਰੱਖੀਆਂ ਗਈਆਂ, ਜੋ ਬਿਲਕੁਲ ਮੁਫ਼ਤ ਸਨ | ਇਨ੍ਹਾਂ ਗਰੁੱਪਾਂ ਨੂੰ ਸਿਰਫ਼ ਥਾਂ ਹੀ ਨਹੀਂ ਦਿੱਤੀ ਗਈ, ਸਗੋਂ ਹੋਰ ਲੋੜੀਂਦੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ, ਤਾਂ ਜੋ ਮਹਿਲਾਵਾਂ ਆਪਣੇ ਬਣਾਏ ਸਮਾਨ ਦੀ ਚੰਗੀ ਤਰ੍ਹਾਂ ਵਿੱਕਰੀ ਕਰ ਸਕਣ ਅਤੇ ਆਤਮਨਿਰਭਰ ਬਣ ਸਕਣ | ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਗੇ ਕਿਹਾ ਕਿ ਇਸ ਵਿਰਾਸਤੀ ਮੇਲੇ ਦੀ ਲੋਕਪਿ੍ਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਹਿਲੇ ਦਿਨ ਲਗਭਗ 10 ਹਜ਼ਾਰ ਲੋਕ ਪਹੁੰਚੇ, ਤੀਜੇ ਦਿਨ ਇਹ ਗਿਣਤੀ 30 ਹਜ਼ਾਰ, ਪੰਜਵੇਂ ਦਿਨ 50 ਹਜ਼ਾਰ ਅਤੇ ਆਖ਼ਰੀ ਦਿਨ ਸਾਰੇ ਰਿਕਾਰਡ ਟੁੱਟ ਗਏ ਜਦੋਂ ਕਰੀਬ 70 ਹਜ਼ਾਰ ਲੋਕ ਮੇਲੇ ਵਿੱਚ ਸ਼ਾਮਿਲ ਹੋਏ | ਮੰਤਰੀ ਸੌਂਦ ਨੇ ਇਸ ਨੰੂ ਲੋਕਾਂ ਦੇ ਭਰਪੂਰ ਸਹਿਯੋਗ ਦਾ ਨਤੀਜਾ ਦੱਸਦਿਆਂ ਐਲਾਨ ਕੀਤਾ ਕਿ ਭਵਿੱਖ ਵਿੱਚ ਹੋਰ ਵੀ ਵੱਡੇ ਅਤੇ ਸ਼ਾਨਦਾਰ ਮੇਲੇ ਕਰਵਾਏ ਜਾਣਗੇ |
ਉਨ੍ਹਾਂ ਵਾਅਦਾ ਕੀਤਾ ਕਿ ਪੰਜਾਬ ਵਿੱਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਖੰਨਾ ਵਿੱਚ 15 ਦਿਨਾਂ ਦਾ ਵਿਸ਼ਾਲ ਮੇਲਾ ਕਰਵਾਇਆ ਜਾਵੇਗਾ, ਜੋ ਪੂਰੇ ਭਾਰਤ ਵਿੱਚ ਆਪਣੀ ਵਿਲੱਖਣ ਪਛਾਣ ਬਣਾਵੇਗਾ | ਕੈਬਨਿਟ ਮੰਤਰੀ ਸੌਂਦ ਨੇ ਇਸ ਸਫਲ ਮੇਲੇ ਲਈ ਸਿਵਲ ਪ੍ਰਸ਼ਾਸਨ, ਪੁਲਿਸ ਵਿਭਾਗ ਅਤੇ ਸੈਨਾ ਦੇ ਅਧਿਕਾਰੀਆਂ ਦਾ ਵੀ ਦਿਲੋਂ ਧੰਨਵਾਦ ਕੀਤਾ | ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਐਸ. ਡੀ. ਐਮ ਸਵਾਤੀ ਟਿਵਾਣਾ ਅਤੇ ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਮਹਿਲਾ ਅਧਿਕਾਰੀਆਂ ਦੀ ਲਗਨ, ਮਿਹਨਤ ਅਤੇ ਸੁਚੱਜੇ ਪ੍ਰਬੰਧਨ ਸਦਕਾ ਹੀ ਮੇਲਾ ਬਿਲਕੁਲ ਸੁਰੱਖਿਅਤ ਅਤੇ ਸਫਲਤਾਪੂਰਵਕ ਸੰਪੰਨ ਹੋਇਆ | ਕੁੱਲ ਮਿਲਾ ਕੇ ਪੰਜਾਬ ਸਖੀ ਸ਼ਕਤੀ ਮੇਲਾ-2026 ਸਿਰਫ਼ ਇੱਕ ਸੱਭਿਆਚਾਰਕ ਸਮਾਗਮ ਨਹੀਂ, ਸਗੋਂ ਇਹ ਮਹਿਲਾ ਸਸ਼ਕਤੀਕਰਨ, ਸਮਾਜਿਕ ਏਕਤਾ ਅਤੇ ਪ੍ਰਸ਼ਾਸਨਿਕ ਸੁਚੱਜੇਪਣ ਦਾ ਸ਼ਾਨਦਾਰ ਉਦਾਹਰਨ ਬਣ ਕੇ ਉੱਭਰਿਆ | ਰੰਗਾਰੰਗ ਪ੍ਰੋਗਰਾਮਾਂ, ਲੋਕਧਾਰਾ ਦੀ ਝਲਕ, ਸੁਰੱਖਿਅਤ ਮਾਹੌਲ ਅਤੇ ਲੋਕਾਂ ਦੀ ਭਾਰੀ ਭਾਗੀਦਾਰੀ ਨੇ ਇਸ ਮੇਲੇ ਨੂੰ ਇਤਿਹਾਸਕ ਬਣਾ ਦਿੱਤਾ, ਜੋ ਲੰਮੇ ਸਮੇਂ ਤੱਕ ਲੋਕਾਂ ਦੀਆਂ ਯਾਦਾਂ ਵਿੱਚ ਵਸਿਆ ਰਹੇਗਾ |
ਪਿਛਲੀ ਖ਼ਬਰ ਤਿੰਨ ਰੋਜ਼ਾ ਖੇੜੀ ਮੇਲਾ ਸ਼ੁਰੂ ਅਗਲੀ ਖ਼ਬਰ ਪਿੰਡ ਜੱਸੜ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 6 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।