ਈਸੜੂ, 10 ਮਈ (ਬਲਵਿੰਦਰ ਸਿੰਘ)-ਸਟੇਟ ਆਰਗੇਨਾਈਜਰ ਕਮਿਸ਼ਨਰ ਓਾਕਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੱਬ ਮਿਸਟਰੈੱਸ ਨੇਹਾ ਅਤੇ ਸਕਾਊਟ ਮਾਸਟਰ ਰਿਪੁਦਮਨ ਸਿੰਘ ਦੀ ਯੋਗ ਅਗਵਾਈ ਹੇਠ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਤਿੰਨ ਰੋਜ਼ਾ ਤਿ੍ਤੀਆ ਚਰਨ ਕੈਂਪ ਲਗਾਇਆ ਗਿਆ | 84 ਤੋਂ ਵੱਧ ਬੱਚਿਆਂ ਨੇ ਸਕਾਊਟ ਐਂਡ ਗਾਈਡ, ਕੱਬ ਅਤੇ ਬੁਲਬੁਲ ਦੇ ਤਿ੍ਤੀਆ ਚਰਨ ਟੈਸਟਿੰਗ ਕੈਂਪ ਵਿੱਚ ਭਾਗ ਲਿਆ | ਬੱਚਿਆਂ ਵਿੱਚ ਬਹੁਤ ਉਤਸ਼ਾਹ ਸੀ | ਗੁਰਪ੍ਰੀਤ ਸਿੰਘ ਡੀ. ਓ. ਸੀ ਅਤੇ ਗੁਰਮੁਖ ਸਿੰਘ ਡੀ. ਟੀ . ਸੀ. ਫ਼ਤਿਹਗੜ੍ਹ ਸਾਹਿਬ ਨੇ ਇਸ ਕੈਂਪ ਲਈ ਵਿਸ਼ੇਸ਼ ਸਹਿਯੋਗ ਦਿੱਤਾ | ਕੱਬ ਬੁਲਬੁਲ ਲਈ ਵਧੀਆ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ | ਇਸ ਕੈਂਪ ਵਿੱਚ ਸਭ ਤੋਂ ਪਹਿਲਾਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਵਿਦਿਆਰਥੀਆਂ ਨੂੰ ਟੈਂਟ ਲਗਾਉਣ ਵੱਖ-ਵੱਖ ਕਿਸਮ ਦੇ ਗੰਢਾਂ ਬੰਨ੍ਹਣ, ਸਕਾਫ਼ ਬੰਨ੍ਹਣ ਅਤੇ ਮਾਡਲ ਬਣਾਉਣ ਦੀ ਪ੍ਰਯੋਗਾਤਮਿਕ ਸਿਖਲਾਈ ਦਿੱਤੀ ਗਈ | ਜਿਸ ਨਾਲ ਉਨ੍ਹਾਂ ਵਿੱਚ ਆਤਮ ਨਿਰਭਰਤਾ, ਸਹਿਯੋਗ, ਨੈਤਿਕ ਗੁਣ ਅਤੇ ਅਨੁਸ਼ਾਸਨ ਦੀ ਭਾਵਨਾ ਦਾ ਵਿਕਾਸ ਹੋਵੇਗਾ | ਸਕਾਊਟ ਐਂਡ ਗਾਈਡ ਇੱਕ ਗਤੀਵਿਧੀ ਹੀ ਨਹੀਂ ਸਗੋਂ ਜੀਵਨ ਜਿਉਣ ਦੀ ਇੱਕ ਸੰਪੂਰਨ ਕਲਾ ਹੈ ਜੋ ਵਿਦਿਆਰਥੀਆਂ ਵਿੱਚ ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਪੈਦਾ ਕਰਦੀ ਹੈ | ਇਸ ਵਿੱਚ ਵਿਦਿਆਰਥੀਆਂ ਦੇ ਮਨੋਰੰਜਨ ਲਈ ਖੇਡਾਂ, ਬ੍ਰੇਨ ਟੈਸਟਿੰਗ ,ਕਲੇਅ ਮੁਕਾਬਲੇ ਆਦਿ ਕਰਵਾਏ ਗਏ | ਵਿਦਿਆਰਥੀਆਂ ਨੂੰ ਜੀਵਨ ਵਿੱਚ ਮੁੱਢਲੀ ਸਹਾਇਤਾ ਸਬੰਧੀ ਜਾਗਰੂਕ ਕੀਤਾ | ਪਿ੍ੰਸੀਪਲ ਨੇਹਾ ਢੱਲ ਨੇ ਭਾਰਤ ਸਕਾਊਟ ਗਾਈਡ ਪੰਜਾਬ ਵੱਲੋਂ ਮਿਲੇ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ | ਸਕੂਲ ਕਮੇਟੀ ਮੈਂਬਰ ਗੁਰਮੀਤ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਬੈਨੀਪਾਲ, ਰਵਿੰਦਰ ਸਿੰਘ ਬੈਨੀਪਾਲ ਅਤੇ ਦਲਜੀਤ ਸਿੰਘ ਬੈਨੀਪਾਲ ਨੇ ਸਕੂਲ ਦੇ ਇਸ ਉਪਰਾਲੇ ਵੀ ਸ਼ਲਾਘਾ ਕੀਤੀ |