ਮਲੌਦ 15 ਮਈ (ਦਿਲਬਾਗ ਸਿੰਘ ਚਾਪੜਾ)-ਥਾਣਾ ਮਲੌਦ ਅਧੀਨ ਪੈਂਦੀ ਸਿਆੜ ਚੌਕੀ ਦੇ ਪਿੰਡ ਜਗੇੜਾ ਦੇ ਸਕੂਲ ਨਜ਼ਦੀਕ ਪੁਲਿਸ ਨੂੰ ਇੱਕ ਨੌਜਵਾਨ ਦੀ ਲਾਸ਼ ਮਿਲੀ | ਮੌਕੇ 'ਤੇ ਪੁੱਜੇ ਚੌਕੀ ਇੰਚਾਰਜ ਹਰਜਿੰਦਰ ਸਿੰਘ ਅਤੇ ਥਾਣਾ ਮੁਖੀ ਚਰਨਜੀਤ ਸਿੰਘ ਨੂੰ ਮਾਮਲਾ ਸ਼ੱਕੀ ਜਾਪਿਆ, ਜਿਨ੍ਹਾਂ ਨੇ ਸਾਰਾ ਮਾਮਲਾ ਉੱਚ ਅਫ਼ਸਰਾਂ ਦੇ ਧਿਆਨ ਵਿਚ ਲਿਆ ਕਿ ਤਫ਼ਤੀਸ਼ ਸ਼ੁਰੂ ਕੀਤੀ | ਮਿ੍ਤਕ ਨੌਜਵਾਨ ਦੀ ਪਹਿਚਾਣ ਉਂਕਾਰ ਸਿੰਘ ਉਰਫ਼ ਗੁਰੀ ਪੁੱਤਰ ਲਖਵੀਰ ਸਿੰਘ ਵਾਸੀ ਘੁੰਗਰਾਣਾ ਵਜੋਂ ਹੋਈ | ਉਸ ਦੇ ਪਿਤਾ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਮੈਨੂੰ ਮੇਰੇ ਲੜਕੇ ਦਾ ਰਾਤ ਲਗਭਗ 9 ਵਜੇ ਕਰੀਬ ਬਹੁਤ ਹੀ ਸਹਿਮੇ ਹੋਏ ਦਾ ਫ਼ੋਨ ਆਇਆ ਕਿ ਉਸ ਨੂੰ 5 ਵਿਅਕਤੀ ਡਿਜਾਇਰ ਗੱਡੀ 'ਚ ਸੁੱਟ ਕੇ ਕਿਸੇ ਅਣਪਛਾਤੀ ਜਗ੍ਹਾ ਵੱਲ ਲਿਜਾ ਰਹੇ ਹਨ ਅਤੇ ਸਵੇਰੇ ਹੀ ਪਤਾ ਲੱਗਾ ਕਿ ਮੇਰੇ ਲੜਕਾ ਦਾ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਕਤਲ ਕਰ ਦਿੱਤਾ ਗਿਆ | ਜਦੋਂ ਪੁਲਿਸ ਨੇ ਸਾਰੇ ਮਾਮਲੇ ਦੀ ਤਫ਼ਤੀਸ਼ ਕੀਤੀ ਤਾਂ ਪਤਾ ਲੱਗਾ ਕਿ ਪਿੰਡ ਘੁੰਗਰਾਣਾ ਦੀ ਹੀ ਇੱਕ ਲੜਕੀ ਜਿਸ ਨਾਲ ਮਿ੍ਤਕ ਦੇ ਪ੍ਰੇਮ ਸਬੰਧ ਸਨ, ਉਸ ਨੂੰ ਆਪਣੇ ਸਕੂਟਰ 'ਤੇ ਰਾਤ ਨੂੰ ਉਹ ਨੌਜਵਾਨ ਕਿਸੇ ਢਾਬੇ ਵਿਚ ਲੈ ਗਿਆ | ਜਿੱਥੇ ਪਿੱਛਾ ਕਰਦੇ ਲੜਕੀ ਦੇ ਭਰਾ, ਭਰਾ ਦਾ ਦੋਸਤ, ਇੱਕ ਭੂਆ ਦਾ ਪੁੱਤਰ ਅਤੇ ਇਕ ਕਾਰ ਡਰਾਈਵਰ ਢਾਬੇ 'ਤੇ ਪਹੁੰਚ ਕੇ ਪੁੱਛ ਪੜਤਾਲ ਕਰਨ ਲੱਗੇ ਤਾਂ ਪਹਿਲੇ ਢਾਬੇ ਵਾਲੇ ਟਾਲ ਮਟੋਲ ਕੀਤੀ ਅਤੇ ਫਿਰ ਲੜਕੀ ਅਤੇ ਉਸ ਦੇ ਪ੍ਰੇਮੀ ਨੂੰ ਉੱੱਥੋਂ ਭਜਾ ਦਿਤਾ | ਜਿਨ੍ਹਾਂ ਨੂੰ ਲੜਕੀ ਦੇ ਭਰਾਵਾਂ ਨੇ ਕਾਬੂ ਕਰ ਕੇ ਗੱਡੀ ਵਿਚ ਸੁੱਟ ਲਿਆ ਅਤੇ ਕੁੱਟਮਾਰ ਕੀਤੀ ਅਤੇ ਉਸ ਦਾ ਕਤਲ ਕਰ ਕੇ ਉਸ ਦੀ ਲਾਸ਼ ਸਕੂਲ ਕੋਲ ਸੁੱਟ ਦਿੱਤੀ ਅਤੇ ਸਕੂਟਰ ਥੋੜਾ ਪਰੇ ਸੁੱਟ ਦਿੱਤਾ ਤਾਂ ਕਿ ਮਾਮਲਾ ਐਕਸੀਡੈਂਟ ਦਾ ਹੀ ਜਾਪੇ | ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੇ ਸਾਰੇ ਮਾਮਲੇ ਨੂੰ ਘੋਖ ਕਰ ਕੇ ਲਖਵੀਰ ਸਿੰਘ ਦੇ ਬਿਆਨਾਂ 'ਤੇ ਗੁਰਪ੍ਰੀਤ ਸਿੰਘ ਉਰਫ਼ ਗੁਰੀ, ਤਰਨਪ੍ਰੀਤ ਸਿੰਘ ਉਰਫ਼ ਹਨੀ ਪੁੱਤਰ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਉਰਫ਼ ਸੁੱਖਾ, ਲਾਡੀ ਚਾਹਲ ਅਤੇ ਇਕ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 140, (3), 103, 191, 190 ਬੀ. ਐਨ. ਐੱਸ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਜਲਦ ਹੀ ਪੁਲਿਸ ਦੀ ਪਕੜ ਵਿਚ ਹੋਣਗੇ |