ਡੇਹਲੋਂ, 17 ਮਈ (ਅੰਮਿ੍ਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹੜ ਪੀੜਤਾਂ ਨੂੰ ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਵਸਤਾਂ ਮੁਹੱਈਆ ਕਰਵਾਏ ਜਾਣ ਦੀ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਸਰਕਲ ਘਵੱਦੀ ਵਲੋਂ ਪ੍ਰਧਾਨ ਗੁਰਜੀਤ ਸਿੰਘ ਲਹਿਰਾ ਦੀ ਅਗਵਾਈ ਹੇਠ ਇਕੱਤਰ ਕਰੀਬ 51 ਕੁਇੰਟਲ ਕਣਕ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਰਾਹੀਂ ਭੇਜੀ ਗਈ | ਇਸ ਸੰਬੰਧੀ ਘਵੱਦੀ ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ ਨੇ ਦੱਸਿਆ ਕਿ ਸਰਕਲ ਦੇ ਪਿੰਡਾਂ ਲਹਿਰਾ, ਘਵੱਦੀ, ਟਿੱਬਾ, ਉਮੈਦਪੁਰ, ਖ਼ਾਨਪੁਰ, ਖੱਟੜਾ ਚੁਹਾਰਮ, ਮੁਕੰਦਪੁਰ, ਢੋਡੇ ਸਮੇਤ ਸਰਕਲ ਦੇ ਸਾਰੇ ਪਿੰਡਾਂ ਅੰਦਰੋਂ ਕਣਕ ਇਕੱਤਰ ਕਰ ਕੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਨੂੰ ਸੌਂਪੀ ਗਈ ਹੈ | ਸਰਕਲ ਪ੍ਰਧਾਨ ਲਹਿਰਾ ਨੇ ਕਿਹਾ ਕਿ ਸੂਬੇ ਅੰਦਰ ਜਦੋਂ ਵੀ ਕੋਈ ਭੀੜ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹਰ ਵਰਕਰ ਨੇ ਪੀੜਤ ਲੋਕਾਂ ਦੀ ਸਹਾਇਤਾ ਲਈ ਅੱਗੇ ਹੋ ਕੇ ਕੰਮ ਕੀਤਾ ਹੈ, ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਲੋਕਪੱਖੀ ਪਾਰਟੀ ਹੈ | ਸਰਕਲ ਪ੍ਰਧਾਨ ਲਹਿਰਾ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਹੇਠ ਆਏ ਪੀੜਤ ਪਰਿਵਾਰ ਹੁਣ ਤੱਕ ਵੀ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਲੀਹ 'ਤੇ ਨਹੀਂ ਚੜ੍ਹ ਸਕੇ ਕਿਉਂਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਮਦਦ ਕਰਨ 'ਚ ਅਵੇਸਲਾਪਣ ਅਪਣਾਈ ਰੱਖਿਆ ਹੈ | ਲਹਿਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਹਿਤਾਂ 'ਤੇ ਪਹਿਰਾ ਦੇਣਾ ਆਪਣਾ ਮੁੱਢਲਾ ਫ਼ਰਜ਼ ਸਮਝਿਆ ਹੈ, ਜਿਸ ਦੀ ਬਦੌਲਤ ਸੂਬੇ ਦਾ ਹਰ ਵਰਗ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜਨ ਲੱਗਾ ਹੈ | ਇਸ ਸਮੇਂ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਨੇ ਸਰਕਲ ਘਵੱਦੀ ਸਮੇਤ ਹਲਕਾ ਗਿੱਲ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ਦੀ 'ਆਪ' ਸਰਕਾਰ ਹੜ੍ਹਾਂ ਦੀ ਮਾਰ ਹੇਠ ਆਏ ਹਜ਼ਾਰਾਂ ਪਰਿਵਾਰਾਂ ਦੀ ਮਦਦ ਕਰਨ ਵਿਚ ਨਾਕਾਮ ਰਹੀ ਹੈ ਅਤੇ 'ਆਪ' ਸਰਕਾਰ ਨੇ ਸੌੜੀ ਸੋਚ ਦਾ ਸਬੂਤ ਦਿੰਦਿਆਂ ਸੂਬੇ ਦੇ ਲੋਕਾਂ ਦੀ ਭਲਾਈ ਹਿਤ ਕੁਝ ਵੀ ਨਹੀਂ ਕੀਤਾ ਹੈ | ਇਸ ਸਮੇਂ ਇੰਜੀਨੀਅਰ ਪ੍ਰਦੀਪ ਸਿੰਘ, ਦਵਿੰਦਰ ਸਿੰਘ, ਜਥੇਦਾਰ ਰਘਵੀਰ ਸਿੰਘ, ਸੋਨੀ ਪੰਡਿਤ ਸਮੇਤ ਹੋਰ ਹਾਜ਼ਰ ਸਨ |