ਮਲੌਦ, 4 ਜੂਨ (ਪੱਤਰ ਪ੍ਰੇਰਕ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਮਿਸ਼ਨ ਦੇ ਸਹਿਯੋਗ ਨਾਲ ਸੰਤ ਬਾਬਾ ਸਰਬਜੋਤ ਸਿੰਘ ਡਾਂਗੋ ਵਾਲਿਆਂ ਦੀ ਦੇਖ ਰੇਖ ਹੇਠ ਅੰਦਰਲਾ ਗੁਰਦੁਆਰਾ ਸਾਹਿਬ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ 19ਵੇਂ ਸਾਲਾਨਾ ਗੁਰਮਤਿ ਸਮਾਗਮ ਪ੍ਰਬੰਧਕ ਭਾਈ ਗੁਰਪ੍ਰੀਤ ਸਿੰਘ ਝੰਮਟ ਦੇ ਯਤਨਾਂ ਸਦਕਾ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਮਨਾਏ ਗਏ | ਇਸ ਮੌਕੇ ਲੜੀਵਾਰ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਰੋਜ਼ਾਨਾ ਸ਼ਾਮ 7 ਵਜੇ ਤੋਂ 10 ਵਜੇ ਤੱਕ ਸੰਤ ਬਾਬਾ ਸਰਬਜੋਤ ਸਿੰਘ ਡਾਂਗੋ ਅਤੇ ਹੋਰ ਸੰਤ ਮਹਾਂਪੁਰਖਾਂ ਵਲੋਂ ਸੰਗਤਾਂ ਨੂੰ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਲਾਸਾਨੀ ਇਤਿਹਾਸ ਬਾਰੇ ਚਾਨਣਾ ਪਾਇਆ ਗਿਆ | ਵੱਡੀ ਗਿਣਤੀ ਵਿਚ ਜੁੜੀ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸਾਡੇ ਸਤਿਕਾਰਯੋਗ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ | ਜਿਨ੍ਹਾਂ ਦੇ ਦਿਨ ਮਨਾਉਣਾ ਹੀ ਕੇਵਲ ਸਾਡਾ ਫ਼ਰਜ਼ ਨਹੀਂ ਹੈ | ਸਗੋਂ ਉਨ੍ਹਾਂ ਵੱਲੋਂ ਜਿਸ ਮਹਾਨ ਕਾਰਜਾਂ ਲਈ ਸ਼ਹਾਦਤਾਂ ਦਿੱਤੀਆਂ ਹਨ | ਉਸ ਫ਼ਲਸਫ਼ੇ ਅਨੁਸਾਰ, ਉਨ੍ਹਾਂ ਦੀ ਸੋਚ ਅਨੁਸਾਰ ਜੀਵਨ ਬਣਾਉਣਾ ਚਾਹੀਦਾ ਹੈ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਮਹਾਨ ਸਮਾਗਮਾਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਇਆ ਕਰੇ | ਕਿਉਂਕਿ ਜਿਹੜੀਆਂ ਕੌਮਾਂ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ ਉਨ੍ਹਾਂ ਦਾ ਇਤਿਹਾਸ ਉਨ੍ਹਾਂ ਨੂੰ ਕਦੀ ਮੁਆਫ਼ ਨਹੀਂ ਕਰਦਾ | ਇਸ ਲਈ ਆਪ ਅਤੇ ਆਪੋ ਆਪਣੇ ਬੱਚਿਆਂ ਨੂੰ ਸੰਗਤ ਨਾਲ ਜੋੜਿਆ ਕਰੋ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਗੁਰੂ ਸਾਹਿਬ ਜੀ ਦੇ ਇਤਿਹਾਸ ਨਾਲ ਜੁੜੀ ਰਹੇ | ਇਨ੍ਹਾਂ ਸਮਾਗਮਾਂ ਦੌਰਾਨ ਸੰਤ ਸਰਬਜੋਤ ਸਿੰਘ ਡਾਂਗੋਂ, ਬਾਬਾ ਸਿਮਰਨਦੀਪ ਸਿੰਘ ਬੱਸੀਆਂ, ਭਾਈ ਸਰਬਜੀਤ ਸਿੰਘ ਢੋਟੀਆਂ ਹੈਡ ਪ੍ਰਚਾਰ ਸ੍ਰੋਮਣੀ ਕਮੇਟੀ, ਅੰਮਿ੍ਤਪਾਲ ਸਿੰਘ ਪ੍ਰਚਾਰਕ ਸ਼੍ਰੋਮਣੀ ਕਮੇਟੀ, ਬਾਬਾ ਤੇਸਵਰਪ੍ਰਤਾਪ ਸਿੰਘ ਚੰਡੀਗੜ੍ਹ, ਬਾਬਾ ਗੁਰਚਰਨ ਸਿੰਘ ਰੌਲੀ, ਭਾਈ ਗੁਰਮੇਲ ਸਿੰਘ ਨਾਨਕਸਰ, ਭਾਈ ਚਰਨਪ੍ਰੀਤ ਸਿੰਘ ਪ੍ਰਚਾਰਕ ਸ਼੍ਰੋਮਣੀ ਕਮੇਟੀ, ਬਾਬਾ ਅਵਤਾਰ ਸਿੰਘ ਮਹੋਲੀ ਸਮੇਤ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ਾਂ ਵਲੋਂ ਹਾਜ਼ਰੀਆਂ ਭਰੀਆਂ ਗਈਆਂ ਅਤੇ ਕਥਾ ਕੀਰਤਨ ਸਜਾਏ ਗਏ | ਇਸ ਮੌਕੇ ਪ੍ਰਬੰਧਕ ਭਾਈ ਗੁਰਪ੍ਰੀਤ ਸਿੰਘ ਝੱਮਟ, ਮਾਲਵਾ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਮਲੌਦ ਦੇ ਪ੍ਰਧਾਨ ਇੰਜ.ਹਰਮਿੰਦਰ ਸਿੰਘ ਸ/ ਮਾਜਰਾ, ਡਾ. ਇਕਬਾਲ ਮੁਹੰਮਦ, ਡਾ. ਕਰਨੈਲ ਸਿੰਘ ਕਾਲੀਆ, ਪਿ੍ੰਸੀਪਲ ਸੰਜੀਵ ਮੋਦਗਿੱਲ, ਜਸਵਿੰਦਰ ਸਿੰਘ ਸੱਗੂ ਲੁਧਿਆਣਾ, ਦਵਿੰਦਰ ਸਿੰਘ ਪੰਚ, ਕੁਲਜਿੰਦਰ ਸਿੰਘ, ਅੰਮਿ੍ਤ ਸਿੰਘ, ਜਗਰੂਪ ਸਿੰਘ ਫੌਜੀ, ਭਾਈ ਗੁਰਜੋਤ ਸਿੰਘ ਨਾਨਕਸਰ ਮੀਡੀਆ, ਛਿੰਦਾ ਸਿੰਘ ਆਦਿ ਤੋਂ ਇਲਾਵਾ ਨਗਰ ਰਾਮਗੜ੍ਹ ਸਰਦਾਰਾਂ, ਮਲੌਦ, ਡਾਂਗੋ, ਮੰਡੀ ਅਹਿਮਦਗੜ੍ਹ, ਪੱਖੋਵਾਲ, ਰਾਏਕੋਟ ਸਮੇਤ ਕਈ ਪਿੰਡਾਂ ਤੋਂ ਸੰਗਤਾਂ ਨੇ ਸ਼ਮੂਲੀਅਤ ਕੀਤੀ |