ਜਗਰਾਉਂ, 4 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਪਿੰਡ ਕਾਉਂਕੇ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਭਰਵੀਂ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਪਿੰਡ ਦੀ ਤੀਜੀ ਨਵੀਂ ਇਕਾਈ ਦੀ ਚੋਣ ਕੀਤੀ ਗਈ | ਇਸ ਮੌਕੇ ਪਹਿਲਾਂ ਤੋਂ ਸਰਗਰਮ ਇਕਾਈ ਪ੍ਰਧਾਨ ਕੁਲਦੀਪ ਸਿੰਘ ਕੀਪਾ, ਜਸਪਾਲ ਸਿੰਘ ਕਾਉਂਕੇ ਵੀ ਸ਼ਾਮਿਲ ਹੋਏ | ਇਸ ਮੌਕੇ ਸੂਬਾ ਪ੍ਰਧਾਨ ਧਨੇਰ ਨੇ ਕਿਹਾ ਕਿ ਆਏ ਦਿਨ ਵਧ ਰਹੀਆਂ ਡੀਜ਼ਲ-ਪੈਟਰੋਲ ਦੀਆਂ ਕੀਮਤਾਂ, ਵਧ ਰਹੀ ਮਹਿੰਗਾਈ ਤੇ ਕਿਸਾਨੀ ਮੰਗਾਂ ਸਬੰਧੀ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੋਕ ਵਿਰੋਧੀ ਫ਼ੈਸਲੇ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਪੰਜਾਬ ਵਿਰੋਧੀ ਹੋਰ ਫ਼ੈਸਲੇ ਕਰ ਰਹੀ ਹੈ | ਇਸ ਸਮੇਂ ਕਿਸਾਨ ਆਗੂ ਕਰਮਜੀਤ ਸਿੰਘ ਕਾਉਂਕੇ ਨੂੰ ਜ਼ਿਲ੍ਹਾ ਇਕਾਈ ਦਾ ਮੀਤ ਪ੍ਰਧਾਨ, ਬੂਟਾ ਸਿੰਘ ਨੂੰ ਪਿੰਡ ਕਾਉਂਕੇ ਕਲਾਂ ਇਕਾਈ ਪ੍ਰਧਾਨ, ਕੁਲਵੰਤ ਸਿੰਘ ਮੀਤ ਪ੍ਰਧਾਨ, ਗੁਰਦੀਪ ਸਿੰਘ ਸਕੱਤਰ, ਅਮਰਜੀਤ ਸਿੰਘ ਸਹਾਇਕ ਸਕੱਤਰ, ਗੁਰਦੀਪ ਸਿੰਘ ਵਿੱਤ ਸਕੱਤਰ ਚੁਣੇ ਗਏ | ਇਸ ਸਮੇਂ ਪੰਦਰਾਂ ਮੈਂਬਰੀ ਕਾਰਜਕਾਰਨੀ ਵੀ ਚੁਣੀ ਗਈ | ਇਸ ਸਮੇਂ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਅਜੀਤ ਸਿੰਘ ਧਾਂਦਰਾ, ਇਕਾਈ ਪ੍ਰਧਾਨ ਗੁਰਤੇਜ ਸਿੰਘ ਅਖਾੜਾ, ਹਰਦੇਵ ਸਿੰਘ ਅਖਾੜਾ, ਹਰਦੀਪ ਸਿੰਘ ਅਖਾੜਾ, ਕੁੰਡਾ ਸਿੰਘ ਕਾਉਂਕੇ, ਮਾਸਟਰ ਸੁਰਜੀਤ ਦੌਧਰ ਆਦਿ ਆਗੂ ਹਾਜ਼ਰ ਸਨ |