ਬੀਜਾ, 16 ਜੂਨ (ਕਸ਼ਮੀਰਾ ਸਿੰਘ ਬਗ਼ਲੀ/ਅਵਤਾਰ ਸਿੰਘ ਜੰਟੀ ਮਾਨ)-ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਿੰਡ ਗੰਢੂਆਂ ਅਤੇ ਗੱਗੜਮਾਜਰਾ ਵਿੱਚ ਲੋਕ ਮਿਲਣੀ ਕੀਤੀ। ਇਸ ਮੌਕੇ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਪਿੰਡ ਵਾਸੀਆਂ ਨਾਲ ਸਿੱਧੀ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਰੋਜ਼ਮਰ੍ਹਾ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਤੁਰੰਤ ਅਤੇ ਟਿਕਾਊ ਹੱਲ ਲਈ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਪਿੰਡ ਗੱਗੜਮਾਜਰਾ ਮਾਜਰਾ ਦੇ ਵਿਕਾਸ ਕਾਰਜਾਂ ਲਈ 13 ਲੱਖ ਰੁਪਏ ਦੀ ਗਰਾਂਟ ਦਿੱਤੀ, ਜਿਸ ਵਿੱਚ 5 ਲੱਖ ਰੁਪਏ ਬੱਸ ਸਟੈਂਡ ਲਈ, 3 ਲੱਖ ਰੁਪਏ ਗਲੀਆਂ ਲਈ ਅਤੇ 5 ਲੱਖ ਰੁਪਏ ਛੱਪੜ ਲਈ ਦਿੱਤੇ ਗਏ। ਪਿੰਡ ਗੰਢੂਆਂ ਦੇ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ, ਜਿਸ ਵਿੱਚ 5 ਲੱਖ ਰੁਪਏ ਧਰਮਸ਼ਾਲਾ ਲਈ ਅਤੇ 5 ਲੱਖ ਰੁਪਏ ਖੇਡ ਗਰਾਊਂਡ ਲਈ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਨਾਲ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਲੋਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਹੋਣਗੀਆਂ। ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਹਲਕਾ ਖੰਨਾ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ ਅਤੇ ਹਰ ਪਿੰਡ ਵਿੱਚ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਮੰਤਰੀ ਸੌਂਦ ਨੇ ਕਿਹ ਕਿ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਹੈ, ਜੋ ਕਿ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈ ਜੋ ਪੰਜਾਬ ਦੇ ਹਰੇਕ ਨਿਵਾਸੀ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਡਾਕਟਰੀ ਇਲਾਜ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 90 ਫ਼ੀਸਦੀ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲ ਰਹੀ ਹੈ, ਜੋ ਕਿ ਬਕਾਮਾਲ ਹੈ। ਇਸ ਮੌਕੇ ਸਿੱਖਿਆ ਮੰਤਰੀ ਪੰਜਾਬ ਦੇ ਪਿਤਾ ਸੋਹਣ ਸਿੰਘ ਬੈਂਸ, ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ, ਚੇਅਰਮੈਨ ਬਲਾਕ ਸੰਮਤੀ ਖੰਨਾ ਲਖਵੀਰ ਸਿੰਘ ਗਿੱਲ, ਕੌਂਸਲਰ ਹਰੀਸ਼ ਗੁਪਤਾ, ਕੌਂਸਲਰ ਪਰਮਪ੍ਰੀਤ ਸਿੰਘ, ਕੌਂਸਲਰ ਰਜਿੰਦਰ ਸਿੰਘ ਜੀਤ, ਓ. ਐਸ. ਡੀ ਕਰਨ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਬਲਾਕ ਪ੍ਰਧਾਨ ਸੁਰਜੀਤ ਸਿੰਘ, ਬਲਾਕ ਪ੍ਰਧਾਨ ਮਲਕੀਤ ਸਿੰਘ ਮੀਤਾ, ਬੀ. ਡੀ. ਪੀ. ਓ ਖੰਨਾ ਸਤਵਿੰਦਰ ਸਿੰਘ ਕੰਗ, ਪੰਚਾਇਤ ਅਫ਼ਸਰ ਕੁਲਦੀਪ ਸਿੰਘ, ਪਿੰਡ ਗੰਢੂਆਂ ਦੇ ਸਰਪੰਚ ਗੁਰਮੇਲ ਸਿੰਘ, ਪਿੰਡ ਗੱਗੜਮਾਜਰਾ ਦੇ ਸਰਪੰਚ ਦਿਲਬਾਗ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।
ਮੰਤਰੀ ਸੌਂਦ ਨੇ ਲੋਕ ਮਿਲਣੀ ਸਮਾਗਮਾਂ ਦੌਰਾਨ ਪਿੰਡ ਗੰਢੂਆਂ ਨੂੰ 10 ਲੱਖ ਅਤੇ ਗੱਗੜਮਾਜਰਾ ਨੂੰ 13 ਲੱਖ ਰੁਪਏ ਦੀ ਦਿੱਤੀ ਗਰਾਂਟ
ਅਜੀਤ ਡੈਸਕ
17-06-2026