08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ’ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ’ਚ ਪੁਲਿਸ ਜ਼ਿਲ੍ਹਾ ਖੰਨਾ ਰਿਹਾ ਪੰਜਾਬ ’ਚੋਂ ਅੱਵਲ

ਅਜੀਤ ਡੈਸਕ 27-06-2026
ਖੰਨਾ/ਪਾਇਲ, 26 ਜੂਨ (ਹਰਜਿੰਦਰ ਸਿੰਘ ਲਾਲ/ਨਿਜ਼ਾਮਪੁਰ, ਰਜਿੰਦਰ ਸਿੰਘ)-ਖੰਨਾ ਦੀ ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਵਿਚ ਪੁਲਿਸ ਜ਼ਿਲ੍ਹਾ ਖੰਨਾ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿਚ ਪੰਜਾਬ ਵਿਚੋਂ ਪਹਿਲੇ ਸਥਾਨ ਤੇ ਰਿਹਾ ਹੈ । ਖੰਨਾ ਪੁਲਿਸ ਨੇ ਪੋਰਟਲ ਸੇਫ਼ ਪੰਜਾਬ ਤੇ ਵਿਲੇਜ ਡਿਫੈਂਸ ਕਮੇਟੀਆਂ ਅਤੇ ਵਾਰਡ ਡਿਫੈਂਸ ਕਮੇਟੀਆਂ ਵੱਲੋ ਕੀਤੀਆਂ ਗਈਆਂ ਰਿਪੋਰਟਾਂ ਦੇ ਅਧਾਰ ਤੇ ਸਭ ਤੋਂ ਵੱਧ ਕਾਰਵਾਈਆਂ ਕੀਤੀਆਂ ਹਨ ਜਿਸ ਕਰਕੇ ਪੰਜਾਬ ਵਿਚੋਂ ਪਹਿਲਾ ਸਥਾਨ ਤੇ ਰਿਹਾ ਹੈ। ਡਾ ਆਹਲੂਵਾਲੀਆਂ ਵੱਲੋਂ 12 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਉਪਰੰਤ ਪੁਲਿਸ ਜ਼ਿਲ੍ਹਾ ਖੰਨਾ ਵਿਚ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿਚ ਹੁਣ ਤੱਕ ਨਸ਼ਾ ਤਸਕਰਾਂ ਖ਼ਿਲਾਫ਼ ਸਭ ਤੋਂ ਵੱਧ 230 ਐਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ ਜੋ ਪੰਜਾਬ ਦੀਆਂ ਕੁੱਲ 11 ਫ਼ੀਸਦੀ ਬਣਦੀਆਂ ਹਨ । ਖੰਨਾ ਪੁਲਿਸ ਨੇ ਵੱਖ ਵੱਖ ਥਾਵਾਂ ਤੇ 24 ਨਸ਼ਿਆਂ ਦੇ ਅੱਡਿਆਂ ਤੇ ਪੀਲਾ ਪੰਜਾ ਵੀ ਚਲਾਇਆ ਹੈ। ਥਾਣਾ ਪਾਇਲ ਅਧੀਨ ਪੈਂਦੀ ਧਮੋਟ ਸਾਈਫ਼ਨ ਜੋ ਹੁਣ ਤੱਕ ਨਸ਼ੇੜੀਆਂ ਲਈ ਸਭ ਤੋਂ ਵੱਧ ਸੁਰੱਖਿਅਤ ਥਾਂ ਮੰਨੀ ਜਾਂਦੀ ਸੀ ਤੇ ਦਿਨ ਦੇ ਸਮੇਂ ਨਸ਼ੇੜੀ ਅਕਸਰ ਇਸ ਸਾਈਫ਼ਨ ਵਿਚ ਬੈਠਦੇ ਸਨ। ਇਸ ਸਾਈਫ਼ਨ ਵਿਚ ਭੁੱਕੀ ਆਦਿਕ ਆਉਣ ਤੇ ਨਸ਼ੇੜੀ ਇਕ ਦੂਸਰੇ ਨੂੰ ਜਾਣਕਾਰੀ ਦੇਣ ਲਈ ‘ਜਹਾਜ਼ ਉੱਤਰਨ’ ਵਰਗੇ ਕੋਡ ਵਰਤਦੇ ਸਨ । ਡਾ. ਆਹਲੂਵਾਲੀਆਂ ਵੱਲੋਂ ਇਸ ਥਾਂ ਤੇ ਸਿਵਲ ਵਰਦੀ ਵਿਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਸੀ ਜਿਸ ਕਰਕੇ ਹੁਣ ਕੋਈ ਵੀ ਨਸ਼ੇੜੀ ਸਾਈਫ਼ਨ ਵੱਲ ਜਾਣ ਦਾ ਹੌਸਲਾ ਨਹੀਂ ਕਰਦਾ । ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਸ ਮੁਹਿੰਮ ਵਿਚ ਲੋਕਾਂ ਦਾ ਸਹਿਯੋਗ ਹਾਸਲ ਕਰਨ ਲਈ ਵੱਖ ਵੱਖ ਪਿੰਡਾਂ ਦੀਆਂ ਸੱਥਾਂ ਵਿਚ ਜਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਕੀਤਾ ਗਿਆ ਤੇ ਕਾਸੋ ਅਪਰੇਸ਼ਨ ਤਹਿਤ ਕਾਰਵਾਈਆਂ ਕੀਤੀਆਂ ਗਈਆਂ । ਇਸ ਤੋਂ ਇਲਾਵਾ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਖੇਡਾਂ ਵੱਲ਼ ਪ੍ਰੇਰਿਤ ਕਰਨ ਲਈ ਖੇਡ ਮੈਦਾਨਾਂ ਵਿਚ ਜਾ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ ਗਈ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ । ਇਸ ਤੋਂ ਇਲਾਵਾ ਦਾਊਮਾਜਰਾ ਪਿੰਡ ਦੀਆਂ ਰਾਸ਼ਟਰੀ ਪੱਧਰ ਤੇ ਫੁੱਟਬਾਲ ਮੁਕਾਬਲਿਆਂ ਵਿਚ ਤਗਮਾ ਜੇਤੂ ਖਿਡਾਰਨਾਂ ਨੂੰ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਖੱਟੜਾ ਪਿੰਡ ਵਿਚ ਖਿਡਾਰਨਾਂ ਲਈ ਆਪਣੇ ਕੋਲੋਂ ਫੁੱਟਬਾਲ ਕਿੱਟਾਂ ਵੀ ਵੰਡੀਆਂ ਗਈਆਂ ਤਾਂ ਜੋ ਲੜਕੀਆਂ ਖੇਡ ਮੈਦਾਨਾਂ ਵਿਚ ਆ ਕੇ ਖੇਡ ਸਕਣ । ਉਨ੍ਹਾਂ ਵੱਲੋਂ ਨਸ਼ਿਆਂ ਖ਼ਿਲਾਫ਼ ਸੰਜੀਦਗੀ ਨਾਲ ਚਲਾਈ ਮੁਹਿੰਮ ਸਦਕਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਅਨੇਕਾਂ ਵਾਰੀ ਸਨਮਾਨਿਤ ਕੀਤਾ ਜਾ ਚੁੱਕਾ ਹੈ । ਪੁਲਿਸ ਜ਼ਿਲ੍ਹਾ ਖੰਨਾ ਦੇ ਮੁਖੀ ਡਾ.ਦਰਪਣ ਆਹਲੂਵਾਲੀਆਂ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਮਾਜ ਦੇ ਹਰ ਵਰਗ ਦੇ ਸਰਗਰਮ ਸਹਿਯੋਗ ਦੀ ਲੋੜ ਹੈ ਹਰ ਨਾਗਰਿਕ ਨੂੰ ਇਸ ਸਮਾਜਿਕ ਲੜਾਈ ਵਿਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਇਆ ਜਾ ਸਕੇ।
ਐਸ. ਐਸ. ਪੀ. ਵਲੋਂ ਵੀ. ਡੀ. ਸੀ. ਅਤੇ ਡਬਲਿਊ ਡੀ. ਸੀ. ਮੈਂਬਰਾਂ ਦਾ ਧੰਨਵਾਦ
ਖੰਨਾ ਦੀ ਐਸ. ਐਸ. ਪੀ. ਦਰਪਣ ਆਹਲੂਵਾਲੀਆ ਨੇ ਅਜੀਤ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਲਈ ਵੀ. ਡੀ. ਸੀ. (ਨਸ਼ਾ ਵਿਰੋਧੀ ਪੇਂਡੂ ਕਮੇਟੀਆਂ) ਅਤੇ ਡਬਲਿਊ ਡੀ. ਸੀ. (ਨਸ਼ਾ ਵਿਰੋਧੀ ਵਾਰਡ ਕਮੇਟੀਆਂ) ਦੀ ਮਦਦ ਸਭ ਤੋਂ ਪ੍ਰਮੁੱਖ ਰਹੀ ਅਤੇ ਅਸੀਂ ਪੋਰਟਲ ਤੇ ਆਈਆਂ ਗੁਪਤ ਸ਼ਿਕਾਇਤਾਂ ਦੀ ਜਾਂਚ ਵੀ ਪਹਿਲ ਦੇ ਆਧਾਰ ਤੇ ਕੀਤੀ ਅਤੇ ਆਪਣੇ ਸੋਰਸਾਂ ਨੂੰ ਗੁਪਤ ਰੱਖਿਆ। ਉਨ੍ਹਾਂ ਨੇ ਵੀ. ਡੀ. ਸੀ. ਅਤੇ ਡਬਲਿਊ ਡੀ. ਸੀ. ਮੈਂਬਰਾਂ ਦਾ ਧੰਨਵਾਦ ਵੀ ਕੀਤਾ।
ਪਿਛਲੀ ਖ਼ਬਰ ਕੱਲ੍ਹ ਤੋਂ ਪੰਜ ਸਾਲ ਉਮਰ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ ਅਗਲੀ ਖ਼ਬਰ ਗੁਰਦੁਆਰਾ ਥੜ੍ਹਾ ਸਾਹਿਬ ਪਾਤਿਸ਼ਾਹੀ ਛੇਵੀਂ ਇਆਲੀ ਕਲਾਂ ਵਿਖੇ ਸਾਲਾਨਾ ਸਮਾਗਮ ਕੱਲ੍ਹ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।