23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਤਪੋਬਣ ਢੱਕੀ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਪ ਤਪ ਸਮਾਗਮ ਦੀ ਸੰਪੂਰਨਤਾ

ਅਜੀਤ ਡੈਸਕ 03-07-2026
ਮਲੌਦ, 2 ਜੁਲਾਈ (ਦਿਲਬਾਗ ਸਿੰਘ ਚਾਪੜਾ)-ਕੁਦਰਤ ਦੀ ਗੋਦ ਵਿੱਚ ਵਸੇ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਵਤਾਰ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਨੇ ਗੁਰੂ ਸਾਹਿਬ ਦੇ ਜੀਵਨ ਸਬੰਧੀ ਵਿਚਾਰਾਂ ਕਰਦਿਆਂ ਗੁਰਬਾਣੀ ਪ੍ਰਮਾਣਾਂ ਰਾਹੀਂ ਦੱਸਿਆ ਕਿ ਦੁਨਿਆਵੀ ਲੜਾਈਆਂ ਆਪਣੇ ਨਿੱਜ ਲਈ ਹੁੰਦੀਆਂ ਹਨ। ਪਰ ਗੁਰੂ ਸਾਹਿਬ ਨੇ ਧਰਮ ਲਈ ਗਉ ਗਰੀਬ ਅਤੇ ਮਜ਼ਲੂਮਾਂ ਦੀ ਰਾਖੀ ਲਈ ਜੰਗਾ ਕੀਤੀਆਂ, ਕਦੇ ਕਿਸੇ ਤੇ ਚੜ੍ਹਕੇ ਨਹੀਂ ਗਏ ਅਤੇ ਚੜ੍ਹਕੇ ਆਏ ਨੂੰ ਹਮੇਸ਼ਾ ਸਬਕ ਸਿਖਾਇਆ ਹੈ। ਬਚਪਨ ਵਿਚ ਹੀ ਗੁਰੂ ਸਾਹਿਬ ਨੂੰ ਖਤਮ ਕਰਨ ਦੀਆਂ ਵਿਉਂਤਾਂ ਬਣਾਉਣ ਵਾਲੇ ਖ਼ੁਦ ਆਪ ਖ਼ਤਮ ਹੋ ਗਏ। ਗੁਰੂ ਸਾਹਿਬ ਵੱਲੋਂ ਛੋਟੀ ਉਮਰ ਵਿੱਚ ਹੀ ਇਹ ਐਲਾਨ ਕਰ ਦੇਣਾ ਕਿ ਹੁਣ ਧਰਮ ਤੋਂ ਬਿਨਾ ਸਰਕਾਰਾਂ ਨਹੀਂ ਚੱਲਣਗੀਆਂ, ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਣਾ, ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਨਾ, ਸਿੱਖ ਨੂੰ ਸੰਤ ਸਿਪਾਹੀ ਬਣਾਉਣ, ਚੰਦੂ ਨੂੰ ਕੀਤੇ ਦੀ ਸਜ਼ਾ ਦੇਣ ਅਤੇ 52 ਕੈਦੀ ਰਾਜਿਆਂ ਦੀ ਬੰਦ ਖਲਾਸੀ ਕਰਵਾਉਣ ਤੋਂ ਇਲਾਵਾ ਗੁਰੂ ਸਾਹਿਬ ਜੀ ਦੇ ਜੀਵਨ ਦੇ ਅਨੇਕਾਂ ਪੱਖਾਂ ਸਬੰਧੀ ਉਨ੍ਹਾਂ ਭਰਪੂਰ ਚਾਨਣਾ ਪਾਇਆ। ਇੱਥੇ ਜ਼ਿਕਰਯੋਗ ਹੈ ਕਿ 3 ਜੂਨ ਤੋਂ ਤਪੋਬਣ ਵਿੱਚ ਸ਼ੁਰੂ ਹੋਏ ਜਪ ਤਪ ਸਮਾਗਮਾਂ ਦੀ ਅੱਜ 28ਵੇਂ ਦਿਨ ਬਾਅਦ ਸੰਪੂਰਨਤਾ ਹੋਈ । ਰੋਜ਼ਾਨਾ 7 ਤੋਂ 9 ਵਜੇ ਤੱਕ ਨਾਮ ਸਿਮਰਨ ਕੀ ਹੈ ? ਨਾਮ ਕਿਵੇਂ ਜਪਣਾ ਹੈ ਅਤੇ ਇਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਆਦਿਕ ਸਬੰਧੀ ਸੰਤ ਖ਼ਾਲਸਾ ਨੇ ਆਪਣੇ ਕਮਾਏ ਹੋਏ ਅਨੁਭਵੀ ਪ੍ਰਵਚਨਾਂ ਰਾਹੀਂ ਦੱਸਿਆ ਕਿ ਸਾਡੇ ਜੀਵਨ ਦਾ ਸਭ ਤੋਂ ਮੁੱਖ ਮਨੋਰਥ ਹੀ ਨਾਮ ਸਿਮਰਨ ਹੋਣਾ ਚਾਹੀਦਾ ਹੈ। ਭਾਵੇਂ ਅਸੀਂ ਘਰ ਦੇ ਕੰਮਕਾਰ ਕਰਦੇ ਹੋਈਏ, ਖੇਤੀਬਾੜੀ ਦਾ ਕੰਮ, ਨੌਕਰੀ ਪੇਸ਼ਾ ਜਾਂ ਫਿਰ ਬਾਣੀ ਪੜ੍ਹਦੇ, ਕੀਰਤਨ ਵਿਖਿਆਨ ਕਰਦੇ ਸੁਣਦੇ ਹੋਈਏ ਹਮੇਸ਼ਾ ਆਪਣੇ ਅੰਦਰ ਪ੍ਰਮਾਤਮਾ ਦੀ ਯਾਦ ਦਾ ਰਟਨ ਕਰਦੇ ਰਹਿਣਾ ਚਾਹੀਦਾ ਹੈ। ਸੰਤ ਖ਼ਾਲਸਾ ਨੇ ਕਿਹਾ ਕਿ ਦੁਨੀਆਂ ਤਾਂ ਜਿਉਂਦਿਆਂ ਨੂੰ ਹੀ ਛੱਡ ਦਿੰਦੀ ਹੈ ਪਰ ਪ੍ਰਮਾਤਮਾ ਦਾ ਜੱਪਿਆ ਹੋਇਆ ਨਾਮ ਮਨੁੱਖ ਦੇ ਲੋਕ ਅਤੇ ਪ੍ਰਲੋਕ ਵਿੱਚ ਸਹਾਈ ਹੁੰਦਾ ਹੈ।
ਪਿਛਲੀ ਖ਼ਬਰ ਝਾੜ ਸਾਹਿਬ ਕਾਲਜ ਦਾ ਬੀ. ਸੀ. ਏ. ਸਮੈਸਟਰ ਛੇਵੇਂ ਦਾ ਸ਼ਾਨਦਾਰ ਨਤੀਜਾ ਅਗਲੀ ਖ਼ਬਰ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਵਿਖੇ ਖ਼ੂਨਦਾਨ ਕੈਂਪ ਤੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।