ਪਾਇਲ, 21 ਜੁਲਾਈ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਉੱਨਤੀ ਦੇ ਸਿਖਰ ਛੂ ਰਹੀ ਇਲਾਕੇ ਦੀ ਸਿਰਮੌਰ ਸਿੱਖਿਆ ਸੰਸਥਾ ਆਕਸਫੋਰਡ ਸੀਨੀਅਰ ਸਕੂਲ, ਪਾਇਲ ਦੇ ਹੋਣਹਾਰ ਖਿਡਾਰੀਆਂ ਨੇ 8 ਤੋਂ 14 ਜੁਲਾਈ ਤੱਕ ਆਯੋਜਿਤ 61ਵੀਂ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ ਅਤੇ ਸਮੂਹ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਖਿਡਾਰੀਆਂ ਨੇ ਨਾ ਸਿਰਫ਼ ਤਗਮੇ ਆਪਣੇ ਨਾਮ ਕੀਤੇ, ਸਗੋਂ ਪ੍ਰੀ-ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਵੀ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰਦਿਆਂ ਕੁਆਲੀਫ਼ਾਈ ਕੀਤਾ। ਸਕੂਲ ਦੇ ਹੋਣਹਾਰ ਨਿਸ਼ਾਨੇਬਾਜ਼ ਗੁਰਵੀਰ ਸਿੰਘ ਨੇ 50 ਮੀਟਰ ਸਟੈਂਡਰਡ ਪਿਸਟਲ ਟੀਮ ਈਵੈਂਟ ਵਿੱਚ ਸਿਲਵਰ ਮੈਡਲ ਅਤੇ 10 ਮੀਟਰ ਏਅਰ ਪਿਸਟਲ ਟੀਮ ਈਵੈਂਟ ਵਿੱਚ ਬਰਾਂਜ਼ ਮੈਡਲ ਜਿੱਤ ਕੇ ਸ਼ਾਨਦਾਰ ਸਫਲਤਾ ਹਾਸਲ ਕੀਤੀ। ਇਸ ਦੇ ਨਾਲ ਹੀ ਗੁਰਵੀਰ ਸਿੰਘ, ਪਵਨਪ੍ਰੀਤ ਸਿੰਘ ਗਿੱਲ, ਫਤਹਬੀਰ ਸਿੰਘ ਅਤੇ ਸੰਚਿਤ ਕੌਸ਼ਲ ਨੇ ਆਪਣੇ ਉੱਤਮ ਪ੍ਰਦਰਸ਼ਨ ਦੇ ਆਧਾਰ ’ਤੇ ਪ੍ਰੀ-ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕਰਕੇ ਅਪਣੇ ਮਾਪਿਆ, ਸਕੂਲ ਅਤੇ ਪੂਰੇ ਇਲਾਕੇ ਲਈ ਮਾਣ ਵਾਲੀ ਉਪਲਬਧੀ ਦਰਜ ਕਰਵਾਈ। ਇਸ ਮੌਕੇ ਸਕੂਲ ਦੇ ਚੇਅਰਮੈਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਵਿਜੈ ਕਪੂਰ, ਡੀਨ ਅਕਾਦਮਿਕਸ ਅਸ਼ੋਕ ਗੁਪਤਾ ਅਤੇ ਸ਼ੂਟਿੰਗ ਕੋਚ ਮਨਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਮਯਾਬੀ ਖਿਡਾਰੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਸਮਰਪਣ ਅਤੇ ਕੋਚਿੰਗ ਟੀਮ ਦੀ ਲਗਾਤਾਰ ਰਹਿਨੁਮਾਈ ਦਾ ਨਤੀਜਾ ਹੈ।ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਆਕਸਫੋਰਡ ਦੇ ਇਹ ਹੋਣਹਾਰ ਸ਼ੂਟਰ ਪ੍ਰੀ-ਨੈਸ਼ਨਲ ਚੈਂਪੀਅਨਸ਼ਿਪ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਪੰਜਾਬ ਦਾ ਨਾਮ ਰਾਸ਼ਟਰੀ ਪੱਧਰ ’ਤੇ ਹੋਰ ਉੱਚਾ ਕਰਨਗੇ। ਇਹ ਉਪਲਬਧੀ ਸਕੂਲ ਦੀ ਵਿੱਦਿਅਕ ਸਹੂਲਤਾਂ ਦੇ ਨਾਲ ਨਾਲ ਖੇਡਾਂ ਦੇ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੀ ਇੱਕ ਹੋਰ ਮਾਣਮੱਤੀ ਮਿਸਾਲ ਹੈ।