ਖੰਨਾ, 31 ਜੁਲਾਈ (ਹਰਜਿੰਦਰ ਸਿੰਘ ਲਾਲ)-ਐੱਸ. ਸੀ./ਬੀ. ਸੀ. ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਲੁਧਿਆਣਾ ਵਿਖੇ ਕੇਡਰ ਕੈਂਪ ਸੂਬਾ ਪ੍ਰਧਾਨ ਕੁਲਬੀਰ ਸਿੰਘ ਈਸੜੂ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਵਿਚ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਵਿਚੋਂ ਸਿਹਤ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਸੂਬਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਈਸ਼ੀ ਨੇ ਗੱਲਬਾਤ ਕਰਦੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚੋਂ ਆਏ ਸਿਹਤ ਮੁਲਾਜ਼ਮਾਂ ਨੂੰ ਤਰੱਕੀਆਂ ਵਿਚ ਰਾਖਵਾਂਕਰਨ ਨਿਯਮਾਂ, ਰਿਜ਼ਰਵੇਸ਼ਨ ਐਕਟ 2006, 2018 ਅਤੇ ਮਾਨਯੋਗ ਅਦਾਲਤਾਂ ਦੇ ਆਏ ਫ਼ੈਸਲਿਆਂ ਸਬੰਧੀ ਵਿਸਥਾਰ ਵਿਚ ਵਿਚਾਰ-ਚਰਚਾ ਕੀਤੀ ਗਈ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਦੱਸਿਆ ਕਿ ਪ੍ਰਮੋਸ਼ਨਾਂ ਸਬੰਧੀ ਸ਼ਿਕਾਇਤ ਐੱਸ. ਸੀ. ਕਮਿਸ਼ਨ ਵਿਖੇ ਚੱਲ ਰਹੀ ਹੈ, ਸ਼ਿਕਾਇਤ ਸਬੰਧੀ ਹਰ ਪਹਿਲੂ ਸਬੰਧੀ ਵਿਸਥਾਰ ਵਿੱਚ ਸਮਝਾਇਆ ਗਿਆ। ਕੇਡਰ ਕੈਂਪ ਦੌਰਾਨ ਪਹੁੰਚੇ ਸਿਹਤ ਮੁਲਾਜ਼ਮਾਂ ਨੂੰ ਦੱਸਿਆ ਗਿਆ ਕਿ ਕਲਾਸ ਸੀ/ਡੀ ਅਧੀਨ ਆਉਂਦੇ ਐੱਸ. ਸੀ. ਕਰਮਚਾਰੀਆਂ ਲਈ ਤਰੱਕੀਆਂ ਵਿਚ 20 ਫੀਸਦੀ ਰਾਖਵਾਂਕਰਨ ਹੈ। ਨਾਲ ਹੀ ਦੱਸਿਆ ਗਿਆ ਕਿ ਜੋ ਐੱਸ. ਸੀ. ਕਰਮਚਾਰੀ ਓਪਨ ਮਤਲਬ ਸੀਨੀਆਰਤਾ-ਕਮ-ਮੈਰਿਟ ਮੈਰਿਟ ਵਿਚ ਨੌਕਰੀ ਜੁਆਇਨ ਕਰਦੇ ਹਨ, ਨੂੰ ਤਰੱਕੀਆਂ ਵੇਲੇ ਵੀ ਓਪਨ/ ਸੀਨੀਆਰਤਾ ‘ਤੇ ਹੀ ਪ੍ਰਮੋਟ ਕਰਨਾ ਬਣਦਾ ਹੈ, ਨਾ ਕਿ 20 ਫੀਸਦੀ ਰਾਖਵਾਂਕਰਨ ਦੇ ਰਾਹੀਂ। ਇਸ ਮੌਕੇ ਜਥੇਬੰਦੀ ਦੇ ਚੇਅਰਮੈਨ ਜਸਪਾਲ ਸਿੰਘ ਜਗੇੜਾ (ਹੈਲਥ ਇੰਸਪੈਕਟਰ), ਸੀਨੀ. ਮੀਤ ਪ੍ਰਧਾਨ ਹਰਪ੍ਰੀਤ ਸਿੰਘ ਸਰਾਭਾ, ਜਨਰਲ-ਸਕੱਤਰ ਲਖਵਿੰਦਰ ਸਿੰਘ ਖਡਿਆਲ, ਖ਼ਜ਼ਾਨਚੀ ਨਰਿੰਦਰ ਮਾਨ ਮੁਹਾਲੀ, ਚੀਫ਼ ਆਰਗੇਨਾਈਜ਼ਰ ਗੁਰਜੰਟ ਸਿੰਘ ਪਟਿਆਲਾ, ਮੁੱਖ ਸਲਾਹਕਾਰ ਬੂਟਾ ਰਾਮ ਸਿਸੋਦੀਆ, ਅਮਰਜੀਤ ਸਿੰਘ ਲੁਧਿਆਣਾ, ਹਰਮਿੰਦਰ ਸਿੰਘ ਮੁਕਤਸਰ, ਵਰਿੰਦਰ ਗਿੱਲ ਜਲੰਧਰ, ਜਗਦੀਸ਼ ਸਿੰਘ ਅੰਮ੍ਰਿਤਸਰ, ਚਰਨਜੀਤ ਦੋਦਾ, ਗੁਰਪ੍ਰੀਤ ਜਰਗ, ਸੁਭਾਸ਼ ਗੁਰਦਾਸਪੁਰ, ਪਵਨ ਫ਼ਾਜ਼ਿਲਕਾ, ਹਰਭਜਨ ਸਿੰਘ ਗੁਰਦਾਸਪੁਰ, ਬਲਵੀਰ ਸਿੰਘ ਹੁਸ਼ਿਆਰਪੁਰ, ਵੀਰ ਸਿੰਘ ਸੰਗਰੂਰ, ਤੇਤਰ ਲਾਲ ਸ਼੍ਰੀ ਫ਼ਤਿਹਗੜ੍ਹ ਸਾਹਿਬ, ਕੁਲਵਿੰਦਰ ਸਿੰਘ ਖੰਨਾ, ਬੀਰਇੰਦਰ ਸਿੰਘ ਆਦਿ ਆਗੂਆਂ ਸਮੇਤ ਮੁਲਾਜ਼ਮ ਹਾਜ਼ਰ ਸਨ।
ਐੱਸ. ਸੀ./ਬੀ. ਸੀ. ਹੈਲਥ ਇੰਪਲਾਈਜ਼ ਯੂਨੀਅਨ ਵਲੋਂ ਲਗਾਇਆ ਕੇਡਰ ਕੈਂਪ
ਅਜੀਤ ਡੈਸਕ
01-08-2026