ਖੰਨਾ, 10 ਅਗਸਤ (ਹਰਜਿੰਦਰ ਸਿੰਘ ਲਾਲ)-ਏ. ਐੱਸ. ਸੀ. ਸੈ. ਸਕੂਲ ਵਿਖੇ ਪੰਜਾਬ ਸਕੂਲ ਜ਼ੋਨਲ ਸ਼ਤਰੰਜ ਮੁਕਾਬਲੇ ਅੰਡਰ-14, ਅੰਡਰ-17 ਅਤੇ ਅੰਡਰ-19 ਹੇਠਾਂ ਕਰਵਾਏ ਗਏ, ਜਿਨ੍ਹਾਂ ਵਿਚ ਵੱਖ-ਵੱਖ ਸਕੂਲਾਂ ਤੋਂ ਇਲਾਵਾ ਰਾਧਾ ਵਾਟਿਕਾ ਸੀ. ਸੈ. ਸਕੂਲ, ਖੰਨਾ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਆਪਣੀ ਅਦਭੁਤ ਪ੍ਰਤਿਭਾ ਅਤੇ ਚਤੁਰ ਰਣਨੀਤੀ ਦਾ ਪ੍ਰਦਰਸ਼ਨ ਕਰਦਿਆਂ ਅੰਡਰ-14 ਵਿੱਚ ਕਲਾਸ ਸੱਤਵੀ ਦੇ ਤੇਜਵੀਰ ਸਿੰਘ ਨੇ, ਅੰਡਰ-17 ਵਿਚ ਮ੍ਰਿਦੁਲ ਅਤੇ ਏਕਮਵੀਰ ਨੇ ਚਾਂਦੀ ਦਾ ਤਗਮਾ ਜਿੱਤ ਕੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲਈ ਆਪਣਾ ਰਾਹ ਖੋਲਿਆ। ਇਸ ਤੋਂ ਇਲਾਵਾ ਅੰਡਰ-19 ਲੜਕਿਆਂ ਦੀ ਟੀਮ ਨੇ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਦੀਆਂ ਇਨ੍ਹਾਂ ਖ਼ਾਸ ਪ੍ਰਾਪਤੀਆਂ ’ਤੇ ਸਕੂਲ ਦੀ ਪ੍ਰਬੰਧਕ ਕਮੇਟੀ, ਡਾਇਰੈਕਟਰ, ਪ੍ਰਿੰਸੀਪਲ ਅਤੇ ਸਟਾਫ਼ ਵਲੋਂ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਅੱਗੇ ਵਧਣ ਲਈ ਪ੍ਰੇਰਿਤ ਕੀਤਾ।