ਡੇਹਲੋਂ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਗਿੱਲ ਵਲੋਂ ਨਸ਼ਿਆਂ ਖ਼ਿਲਾਫ਼ ਲਲਕਾਰ ਰੈਲੀ
ਡੇਹਲੋਂ, 13 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸੂਬੇ ਅੰਦਰ ‘ਮਾਵਾਂ ਧੀਆਂ ਦੀ ਲਲਕਾਰ ਬੰਦ ਕਰਾਂਵਾਗੇ ਨਸ਼ੇ ਦਾ ਵਪਾਰ’ ਪ੍ਰੋਗਰਾਮ ਅਧੀਨ ਹਲਕਾ ਗਿੱਲ ਦੇ ਕਸਬਾ ਡੇਹਲੋਂ ਵਿਖੇ ਵਿਸ਼ਾਲ ਰੈਲੀ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਦੀ ਅਗਵਾਈ ਹੇਠ ਹੋਈ। ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਨੇ ਸ਼ਿਰਕਤ ਕੀਤੀ।
ਡੇਹਲੋਂ, 13 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸੂਬੇ ਅੰਦਰ ‘ਮਾਵਾਂ ਧੀਆਂ ਦੀ ਲਲਕਾਰ ਬੰਦ ਕਰਾਂਵਾਗੇ ਨਸ਼ੇ ਦਾ ਵਪਾਰ’ ਪ੍ਰੋਗਰਾਮ ਅਧੀਨ ਹਲਕਾ ਗਿੱਲ ਦੇ ਕਸਬਾ ਡੇਹਲੋਂ ਵਿਖੇ ਵਿਸ਼ਾਲ ਰੈਲੀ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਦੀ ਅਗਵਾਈ ਹੇਠ ਹੋਈ। ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਨੇ ਸ਼ਿਰਕਤ ਕੀਤੀ। ਉਨ੍ਹਾਂ ਪੰਜਾਬ ਵਿਚ ਨਸ਼ਿਆਂ ਦੀ ਵਧ ਰਹੀ ਸਮੱਸਿਆ ’ਤੇ ਚਿੰਤਾਂ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਸਵਾਲ ਚੁੱਕੇ। ਬੀਬੀ ਬਾਦਲ ਨੇ ਪੰਜਾਬ ਦੀਆਂ ਮਾਵਾਂ ਤੇ ਧੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਿਰਫ਼ ਐਲਾਨ ਕਰਨ ਦੀ ਬਜਾਏ ਠੋਸ ਕਾਰਵਾਈ ਕਰਨ ਦੀ ਲੋੜ ਹੈ, ਜਿਸ ਲਈ ਬੀਬੀਆਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ, ਕਿਉਂਕਿ ਪੰਜਾਬ ਦਾ ਹਰ ਮਾਪਾ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਦੇ ਵਾਅਦੇ ਪੂਰੇ ਕਰਨ ਵਿਚ ਸਰਕਾਰ ਨਾਕਾਮ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਹੀ ਪੰਜਾਬ ਵਿਚ ਰੁਜ਼ਗਾਰ ਦੇ ਮੌਕੇ ਮਿਲਣੇ ਚਾਹੀਦੇ ਹਨ ਅਤੇ ਸਿੱਖਿਆ ਦੇ ਖੇਤਰ ਵਿਚ ਸੁਧਾਰ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਸਖ਼ਤ ਕਾਨੂੰਨ ਲਿਆਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਨੂੰਨ ਲਿਆਂਦਾ ਜਾਵੇਗਾ, ਜੋ ਵੀ ਨਸ਼ਾ ਵੇਚਦੇ ਫੜੇ ਜਾਣ ਵਾਲਿਆਂ ਲਈ 10 ਸਾਲ ਦੀ ਕੈਦ ਤੇ ਜ਼ਮਾਨਤ ਸੰਬੰਧੀ ਸਖ਼ਤ ਵਿਵਸਥਾਵਾਂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਕਾਰਨ ਜਾਨ ਗੁਆਉਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਨਸ਼ਾ ਤਸਕਰਾਂ ਦੀ ਗੈਰਕਾਨੂੰਨੀ ਕਮਾਈ ਤੇ ਜਾਇਦਾਦ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਯੋਜਨਾ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਹਰ ਪਿੰਡ ਵਿੱਚ ‘ਮਾਈ ਭਾਗੋ ਫ਼ੌਜ’ ਬਣਾਉਣ ਦੀ ਲੋੜ ਹੈ, ਜਿਸ ਦਾ ਉਦੇਸ਼ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣਾ, ਪੀੜਤ ਪਰਿਵਾਰਾਂ ਦੀ ਮਦਦ ਕਰਨਾ ਤੇ ਪੁਲਿਸ ਤੇ ਪ੍ਰਸ਼ਾਸਨ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਪਹੁੰਚਾਉਣਾ ਹੋਵੇਗਾ। ਹਲਕਾ ਗਿੱਲ ਇੰਚਾਰਜ਼ ਹਰਪ੍ਰੀਤ ਸਿੰਘ ਸਿਮਕ ਨੇ ਰੈਲੀ ਦੌਰਾਨ ਇਕੱਤਰ ਵੱਡੀ ਗਿਣਤੀ ਵਿਚ ਹਾਜ਼ਰ ਔਰਤਾਂ, ਸਰਕਲ ਪ੍ਰਧਾਨਾਂ, ਪੰਚਾਂ-ਸਰਪੰਚਾਂ ਸਮੇਤ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਸ਼ੁਰੂ ਕੀਤੇ ਗਏ ਉਪਰਾਲੇ ਸਲਾਘਾਯੋਗ ਹਨ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਬੀਬੀ ਕਿਰਨਜੀਤ ਕੌਰ ਕਾਦੀਆਂ, ਹਲਕਾ ਗਿੱਲ ਪ੍ਰਧਾਨ ਬੀਬੀ ਗੁਰਦੀਪ ਕੌਰ ਜੱਸੋਵਾਲ, ਸਰਕਲ ਪ੍ਰਧਾਨ ਬੀਬੀ ਮਨਜੀਤ ਕੌਰ ਖੱਟੜਾ, ਸਰਕਲ ਪ੍ਰਧਾਨ ਬੀਬੀ ਹਰਪ੍ਰੀਤ ਕੌਰ ਕੈਂਡ, ਸਰਕਲ ਪ੍ਰਧਾਨ ਰਸ਼ਵਿੰਦਰ ਕੌਰ ਧਰੌੜ, ਸਰਕਲ ਪ੍ਰਧਾਨ ਸੁਖਵਿੰਦਰ ਕੌਰ ਹੁਸੈਨਪੁਰਾ, ਸਰਪੰਚ ਬਲਜਿੰਦਰ ਕੌਰ ਡੇਹਲੋਂ, ਸਰਕਲ ਪ੍ਰਧਾਨ ਤਮੰਨਾ ਅਰੋੜਾ, ਸਰਕਲ ਪ੍ਰਧਾਨ ਕੁਲਵਿੰਦਰ ਕੌਰ ਝੱਮਟ, ਸਰਕਲ ਪ੍ਰਧਾਨ ਕੁਲਜੀਤ ਕੌਰ ਕਿਲਾ ਰਾਏਪੁਰ, ਰਵਿੰਦਰ ਕੌਰ ਗਰੇਵਾਲ, ਬੀਬੀ ਸੁਖਵਿੰਦਰ ਕੌਰ ਗੋਪਾਲਪੁਰ, ਮਹਿੰਦਰ ਕੌਰ ਅਮਨ ਪਾਰਕ, ਦਲਜੀਤ ਕੌਰ ਥਰੀਕੇ, ਰੁਪਿੰਦਰ ਕੌਰ ਰੰਗੀਆਂ, ਸਨਦੀਪ ਕੌਰ ਸਾਇਆਂ, ਰਾਜਵੰਤ ਕੌਰ ਸਾਇਆਂ, ਸੁਰਪ੍ਰੀਤ ਕੌਰ ਮਲਕਪੁਰ, ਪਰਮਜੀਤ ਕੌਰ ਕਿਲਾ ਰਾਏਪੁਰ, ਰੁਪਿੰਦਰ ਕੌਰ ਕਿਲਾ ਰਾਏਪੁਰ ਸਮੇਤ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਸਨ।