ਤਪਾ ਮੰਡੀ, 13 ਫਰਵਰੀ (ਪ੍ਰਵੀਨ ਗਰਗ)-ਤਪਾ-ਤਾਜੋ ਕੈਂਚੀਆਂ ਬਾਹਰਲੇ ਬੱਸ ਸਟੈਂਡ 'ਤੇ ਇਕ ਬਜ਼ੁਰਗ ਔਰਤ ਨਾਲ ਠੱਗੀ ਦੀ ਘਟਨਾ ਸਾਹਮਣੇ ਆਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਬਜ਼ੁਰਗ ਔਰਤ ਹਰਬੰਸ ਕੌਰ ਪਤਨੀ ਸਵ: ਹਰਦੇਵ ਸਿੰਘ ਵਾਸੀ ਖੱਟਰਪੱਤੀ ਤਪਾ ਅੱਖਾਂ ਦੀ ਦਵਾਈ ਲੈਣ ਲਈ ਬੱਸ ਸਟੈਂਡ 'ਤੇ ਪਏ ਬੈਂਚ 'ਤੇ ਬੈਠੀ ਹੋਈ ਸੀ | ਇਸ ਦੌਰਾਨ ਉਸ ਨੇ ਆਪਣੇ ਕੰਨਾਂ 'ਚ ਪਾਈਆਂ ਸੋਨੇ ਦੀਆਂ ਬਾਲੀਆਂ ਉਤਾਰ ਕੇ ਸ਼ਾਲ ਦੀ ਓਟ ਵਿਚ ਲਿਫ਼ਾਫ਼ੇ ਵਿਚ ਪਏ ਪਰਸ 'ਚ ਰੱਖ ਦਿੱਤੀਆਂ, ਜਿਸ 'ਚ ਪਹਿਲਾਂ ਤੋਂ ਹੀ 2500 ਰੁਪਏ ਅਤੇ ਆਧਾਰ ਕਾਰਡ ਰੱਖਿਆ ਹੋਇਆ ਸੀ, ਨੂੰ ਡਰ ਸੀ ਕਿ ਉਸ ਦੇ ਕੰਨਾਂ ਦੀਆਂ ਬਾਲੀਆਂ ਕੋਈ ਲੁਟੇਰਾ ਲਾਹ ਕੇ ਨਾ ਲੈ ਜਾਵੇ | ਦੱਸਿਆ ਜਾਂਦਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਇਹ ਕਰਤੂਤ ਦੇਖ ਲਈ | ਜਦੋਂ ਬਜ਼ੁਰਗ ਔਰਤ ਬੱਸ 'ਚ ਚੜ੍ਹਨ ਲਈ ਉੱਠੀ ਤਾਂ ਉਸ ਨੰੂ ਅਚਾਨਕ ਘਬਰਾਹਟ ਮਹਿਸੂਸ ਹੋਈ ਅਤੇ ਉਹ ਮੁੜ ਬੈਂਚ 'ਤੇ ਆ ਕੇ ਬੈਠ ਗਈ | ਇਸ ਵੇਲੇ ਦੋ ਅਣਜਾਣ ਔਰਤਾਂ ਵੀ ਉਸ ਦੇ ਕੋਲ ਆ ਬੈਠੀਆਂ ਅਤੇ ਕਹਿਣ ਲੱਗੀਆਂ ਕਿ ਉਸ ਦਾ ਲਿਫ਼ਾਫ਼ਾ ਫਟਿਆ ਹੋਇਆ ਹੈ ਅਤੇ ਸਮਾਨ ਡਿੱਗ ਸਕਦਾ ਹੈ | ਜਦੋਂ ਬਜ਼ੁਰਗ ਔਰਤ ਨੇ ਲਿਫ਼ਾਫ਼ਾ ਦੇਖਿਆ ਤਾਂ ਉਹ ਫਟਿਆ ਹੋਇਆ ਸੀ ਅਤੇ ਅੰਦਰ ਰੱਖੀਆਂ ਪਰਸ ਜਿਸ 'ਚ ਦੋ ਤੋਲੇ ਸੋਨੇ ਦੀਆਂ ਬਾਲੀਆਂ ਅੰਦਾਜ਼ਨ ਡੇਢ ਤੋਲਾ, ਕਰੀਬ 2500 ਰੁਪਏ ਨਕਦ ਅਤੇ ਆਧਾਰ ਕਾਰਡ ਗ਼ਾਇਬ ਸੀ | ਉਪਰੰਤ ਉਸ ਨੇ ਤੁਰੰਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ | ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਚੌਂਕੀ ਤਪਾ ਨੂੰ ਸੂਚਨਾ ਦਿੱਤੀ | ਸੂਚਨਾ ਮਿਲਣ 'ਤੇ ਚੌਂਕੀ ਇੰਚਾਰਜ ਬਲਜੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਭੀੜਭਾੜ ਵਾਲੀਆਂ ਥਾਵਾਂ 'ਤੇ ਆਪਣੇ ਕੀਮਤੀ ਸਮਾਨ ਦਾ ਖ਼ਾਸ ਧਿਆਨ ਰੱਖਣ ਅਤੇ ਸ਼ੱਕੀ ਵਿਅਕਤੀਆਂ ਤੋਂ ਸਾਵਧਾਨ ਰਹਿਣ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ | ਇਸ ਮੌਕੇ ਸੁਰਿੰਦਰ ਸਿੰਘ ਖੱਟਰਕਾ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ |