ਰੂੜੇਕੇ ਕਲਾਂ, 14 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਪੁਲਿਸ ਅਧਿਕਾਰੀਆਂ ਤੇ ਥਾਣਾ ਮੁਖੀਆਂ ਦੇ ਸਰਕਾਰੀ ਮੋਬਾਈਲ ਨੰਬਰ ਬੰਦ ਆਉਣ ਕਰ ਕੇ ਜ਼ਿਲ੍ਹਾ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਕਤ ਜਾਣਕਾਰੀ ਦਿੰਦੇ ਹੋਏ ਹਲਕਾ ਭਦੌੜ ਦੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਉੱਚ ਅਧਿਕਾਰੀਆਂ ਅਤੇ ਥਾਣਾ ਮੁਖੀਆਂ ਨੂੰ ਸਰਕਾਰੀ ਨੰਬਰ ਦੇ ਕੇ ਜਨਤਕ ਕੀਤੇ ਗਏ ਸਨ | ਜੋ ਕਿ ਜ਼ਿਲ੍ਹਾ ਵਾਸੀਆਂ ਕੋਲ ਆਪਣੇ ਮੋਬਾਈਲ ਫੋਨਾਂ ਦੇ ਵਿਚ ਦਰਜ ਹਨ | ਪੁਲਿਸ ਥਾਣੇ ਦੇ ਮੁੱਖ ਅਫ਼ਸਰ ਅਤੇ ਪੁਲਿਸ ਅਧਿਕਾਰੀਆਂ ਦੀਆਂ ਭਾਵੇਂ ਬਦਲੀਆਂ ਹੁੰਦੀਆਂ ਰਹਿੰਦੀਆਂ ਹਨ ਪ੍ਰੰਤੂ ਸਰਕਾਰੀ ਨੰਬਰ ਇਕ ਹੀ ਰਹਿੰਦਾ ਹੈ ਜਿਸ ਨਾਲ ਕਿ ਜ਼ਿਲ੍ਹਾ ਵਾਸੀਆਂ ਨੂੰ ਸੁਵਿਧਾ ਮਿਲਦੀ ਹੈ | ਪਿਛਲੇ ਸਮੇਂ ਤੋਂ ਲੈ ਕੇ ਧਿਆਨ ਵਿਚ ਆਇਆ ਹੈ ਕਿ ਕੁੱਝ ਪੁਲਿਸ ਥਾਣਾ ਮੁਖੀਆਂ ਅਤੇ ਉੱਚ ਅਧਿਕਾਰੀਆਂ ਦੇ ਜਨਤਕ ਕੀਤੇ ਗਏ ਸਰਕਾਰੀ ਮੋਬਾਈਲ ਨੰਬਰ ਬੰਦ ਆਉਂਦੇ ਹਨ | ਜਿਸ ਕਰ ਕੇ ਜ਼ਿਲ੍ਹਾ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਸਾਰੇ ਪੁਲਿਸ ਅਧਿਕਾਰੀਆਂ ਤੇ ਥਾਣਾ ਮੁਖੀਆਂ ਦੇ ਜਨਤਕ ਕੀਤੇ ਗਏ ਸਾਰੇ ਸਰਕਾਰੀ ਮੋਬਾਈਲ ਨੰਬਰ 24 ਘੰਟੇ ਚਾਲੂ ਰੱਖੇ ਜਾਣ ਤਾਂ ਕਿ ਕੋਈ ਘਟਨਾ ਵਾਪਰਨ 'ਤੇ ਜ਼ਿਲ੍ਹਾ ਵਾਸੀ ਪੁਲਿਸ ਨਾਲ ਤੁਰੰਤ ਸੌਖਾ ਸੰਪਰਕ ਕਰ ਸਕਣ |