ਮਹਿਲ ਕਲਾਂ, 17 ਫਰਵਰੀ (ਅਵਤਾਰ ਸਿੰਘ ਅਣਖੀ)-ਮੁੱਖ ਮਾਰਗ ਉੱਪਰ ਪਿੰਡ ਨਿਹਾਲੂਵਾਲ (ਬਰਨਾਲਾ) ਨੇੜੇ ਵਾਪਰੇ ਦਰਦਨਾਕ ਹਾਦਸੇ 'ਚ ਇਕ ਨੌਜਵਾਨ ਹਾਕੀ ਖਿਡਾਰੀ ਦੀ ਮੌਤ ਅਤੇ ਉਸ ਦੇ ਸਾਥੀ ਖਿਡਾਰੀ ਦੇ ਜ਼ਖ਼ਮੀ ਹੋਣ ਦੀ ਖਬਰ ਹੈ | ਜਾਣਕਾਰੀ ਅਨੁਸਾਰ ਇਹ ਦੋਵੇਂ ਹਾਕੀ ਖਿਡਾਰੀ ਪਿੰਡ ਛੀਨੀਵਾਲ ਕਲਾਂ ਨਾਲ ਸਬੰਧਿਤ ਦੱਸੇ ਜਾ ਰਹੇ ਹਨ ਜੋ ਬੀਤੀ ਰਾਤ ਰਾਏਕੋਟ ਏਰੀਏ 'ਚ ਖੇਡ ਮੇਲੇ ਦੌਰਾਨ ਹਾਕੀ ਦੇ ਮੈਚ 'ਚ ਭਾਗ ਲੈਣ ਉਪਰੰਤ ਮੋਟਰਸਾਈਕਲ ਉਪਰ ਸਵਾਰ ਹੋ ਕੇ ਆਪਣੇ ਘਰ ਪਿੰਡ ਛੀਨੀਵਾਲ ਕਲਾਂ ਨੂੰ ਵਾਪਸ ਆ ਰਹੇ ਸਨ ਕਿ ਰਸਤੇ 'ਚ ਲੁਧਿਆਣਾ-ਬਠਿੰਡਾ ਮੁੱਖ ਮਾਰਗ 'ਤੇ ਪਿੰਡ ਨਿਹਾਲੂਵਾਲ ਢਾਬੇ ਨੇੜੇ ਪਹੁੰਚਣ 'ਤੇ ਬਜਰੀ ਨਾਲ ਭਰੇ ਟਰਾਲੇ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ | ਇਸ ਭਿਆਨਕ ਹਾਦਸੇ 'ਚ ਇਕ ਨੌਜਵਾਨ ਖਿਡਾਰੀ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ | ਮਿ੍ਤਕ ਨੌਜਵਾਨ ਦੀ ਪਛਾਣ ਗੁਰਵਿੰਦਰ ਸਿੰਘ (20) ਪੁੱਤਰ ਸੋਹਣ ਸਿੰਘ ਵਾਸੀ ਛੀਨੀਵਾਲ ਕਲਾਂ ਵਜੋਂ ਹੋਈ ਹੈ, ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ | ਲੱਤ ਟੁੱਟ ਜਾਣ ਕਾਰਨ ਜ਼ਖਮੀ ਹੋਏ ਹਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਛੀਨੀਵਾਲ ਕਲਾਂ ਨੂੰ ਇਲਾਜ ਲਈ ਬਰਨਾਲਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ | ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਸਰਬਜੀਤ ਸਿੰਘ ਰੰਗੀਆਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਟਰਾਲੇ ਅਤੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ |