ਮਹਿਲ ਕਲਾਂ, 17 ਫਰਵਰੀ (ਅਵਤਾਰ ਸਿੰਘ ਅਣਖੀ)-ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਜੱਦੀ ਪਿੰਡ ਕੁਰੜ (ਬਰਨਾਲਾ) ਦੇ ਕਿਸਾਨਾਂ ਨੂੰ ਐਮਰਜੈਂਸੀ ਮੌਕੇ ਅੱਗ ਤੋਂ ਸਫਲ ਨੂੰ ਬਣਾਉਣ ਲਈ ਆਪਣੇ ਤੌਰ 'ਤੇ ਤਿਆਰ ਕਰਵਾਈ ਮਿੰਨੀ ਫਾਇਰ ਬਿ੍ਗੇਡ ਸੌਂਪੀ | ਇਸ ਮੌਕੇ ਐਮ.ਪੀ. ਮੀਤ ਹੇਅਰ ਨੇ ਕਿਹਾ ਕਿ ਅਗਲੇ ਦੋ ਮਹੀਨੇ ਅੰਦਰ ਕਣਕ ਦੀ ਫ਼ਸਲ ਪੱਕਣ ਵਾਲੀ ਹੈ ਪਰ ਜਦੋਂ ਕੋਈ ਪ੍ਰਬੰਧ ਨਾ ਹੋਣ ਕਾਰਨ ਅਚਾਨਕ ਅੱਗ ਲੱਗਣ ਦੀ ਘਟਨਾ ਨਾਲ ਮਿਹਨਤ ਨਾਲ ਤਿਆਰ ਕੀਤੀ ਫ਼ਸਲ ਮਿੰਟਾਂ ਵਿਚ ਹੀ ਸੜ ਕੇ ਸੁਆਹ ਹੋ ਜਾਂਦੀ ਹੈ, ਤਾਂ ਕਿਸਾਨ ਧੁਰ ਅੰਦਰੋਂ ਟੁੱਟ ਜਾਂਦਾ ਹੈ | ਬੀਤੇ ਸਮੇਂ 'ਚ ਖੇਤਾਂ 'ਚ ਅੱਗ ਲੱਗਣ ਦੀਆਂ ਵਾਪਰਦੀਆਂ ਘਟਨਾਵਾਂ ਨੂੰ ਦੇਖਦਿਆਂ ਮਿੰਨੀ ਫਾਇਰ ਬਿ੍ਗੇਡ ਤਿਆਰ ਕਰਵਾ ਕੇ ਪਿੰਡ ਵਾਸੀਆਂ ਨੂੰ ਦਿੱਤੀ ਗਈ ਹੈ, ਤਾਂ ਜੋ ਐਮਰਜੈਂਸੀ ਵੇਲੇ ਕੰਮ ਆ ਸਕੇ | ਉਨ੍ਹਾਂ ਕਿਹਾ ਕਿ ਪਿੰਡ ਪੱਧਰ 'ਤੇ ਅਜਿਹੇ ਉਪਰਾਲੇ ਕਿਸਾਨਾਂ ਦੀ ਮਿਹਨਤ ਅਤੇ ਫ਼ਸਲ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹਨ | ਪਿੰਡ ਕੁਰੜ ਵਾਸੀਆਂ ਨੇ ਇਸ ਉੱਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ ਅੱਗ ਦਾ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਸਮੇਂ 'ਤੇ ਸਹਾਇਤਾ ਨਾ ਮਿਲਣ ਕਾਰਨ ਵੱਡਾ ਨੁਕਸਾਨ ਹੋ ਜਾਂਦਾ ਹੈ | ਮਿੰਨੀ ਫਾਇਰ ਬਿ੍ਗੇਡ ਮਿਲਣ ਨਾਲ ਹੁਣ ਤੁਰੰਤ ਕਾਰਵਾਈ ਸੰਭਵ ਹੋਵੇਗੀ | ਅਖੀਰ 'ਚ ਪਿੰਡ ਵਾਸੀਆਂ ਵਲੋਂ ਸੰਸਦ ਮੈਂਬਰ ਮੀਤ ਹੇਅਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਉਪਰਾਲਾ ਖੇਤੀਬਾੜੀ ਪ੍ਰਧਾਨ ਇਲਾਕੇ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ ਅਤੇ ਹੋਰ ਪਿੰਡਾਂ ਵਿਚ ਵੀ ਅਜਿਹੀਆਂ ਸਹੂਲਤਾਂ ਦੀ ਲੋੜ ਹੈ | ਇਸ ਮੌਕੇ ਗੁਰਦੀਪ ਸਿੰਘ ਹੇਅਰ ਅਤੇ ਪਿੰਡ ਵਾਸੀ ਹਾਜ਼ਰ ਸਨ |