ਬਰਨਾਲਾ, 1 ਮਾਰਚ (ਰਾਜ ਪਨੇਸਰ)-ਥਾਣਾ ਸਿਟੀ-1 ਬਰਨਾਲਾ ਪੁਲਿਸ ਵਲੋਂ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲਿਜਾਣ 'ਤੇ ਉਸ ਦੇ ਘਰੋਂ ਸੋਨੇ ਚਾਂਦੀ ਦੇ ਗਹਿਣੇ ਅਤੇ 40 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਪੀੜਤ ਨਾਬਾਲਗ ਲੜਕੀ ਦੀ ਮਾਤਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਸ ਦੀ ਲੜਕੀ 14 ਸਾਲ ਦੀ ਹੈ ਜੋ ਕਿ ਬਰਨਾਲਾ ਦੇ ਇਕ ਸਕੂਲ ਵਿਚ ਪੜ੍ਹਦੀ ਹੈ | ਬੀਤੇ ਦਿਨੀਂ ਉਹ ਕੰਮ 'ਤੇ ਗਈ ਸੀ ਤੇ ਵਾਪਸੀ 'ਤੇ ਘਰ ਆ ਕੇ ਦੇਖਿਆ ਤਾਂ ਲੜਕੀ ਘਰ ਵਿਚ ਨਹੀਂ ਸੀ ਤੇ ਘਰ ਦਾ ਸਮਾਨ ਖਿੱਲਰਿਆ ਪਿਆ ਸੀ ਤੇ ਅਲਮਾਰੀ ਵਿਚੋਂ ਸੋਨੇ ਦੇ ਕਾਂਟੇ 5 ਗ੍ਰਾਮ, ਇਕ ਲੇਡੀਜ਼ ਛਾਂਪ, ਇਕ ਜੋੜਾ ਚਾਂਦੀ ਦੀਆਂ ਝਾਂਜਰਾਂ ਤੇ 40 ਹਜ਼ਾਰ ਰੁਪਏ ਦੀ ਨਗਦੀ ਚੋਰੀ ਹੋ ਚੁੱਕੀ ਸੀ | ਲੜਕੀ ਬਾਰੇ ਆਪਣੇ ਤੌਰ 'ਤੇ ਭਾਲ ਕੀਤੀ ਤਾਂ ਪਤਾ ਲੱਗਿਆ ਕਿ ਉਸ ਨੂੰ ਅਨਿਲ ਨਾਂਅ ਦਾ ਲੜਕਾ ਵਿਆਹ ਦਾ ਝਾਂਸਾ ਦੇ ਕੇ ਕਿਤੇ ਵਰਗ਼ਲਾ ਕੇ ਲੈ ਗਿਆ ਹੈ | ਉੱਧਰ ਪੁਲਿਸ ਕਾਰਵਾਈ ਅਨੁਸਾਰ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |