12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨਗਰ ਕੌਂਸਲ ਵਲੋਂ ਲੋਕਾਂ ਦੀ ਸਹੂਲਤ ਲਈ ਪਾਈ ਸੀਵਰੇਜ ਪਾਈਪ ਲੋਕਾਂ ਲਈ ਬਣੀ ਸਿਰਦਰਦੀ <br/>

ਅਜੀਤ ਡੈਸਕ 06-03-2026
ਤਪਾ ਮੰਡੀ, 5 ਮਾਰਚ (ਪ੍ਰਵੀਨ ਗਰਗ)-ਨਗਰ ਕੌਂਸਲ ਤਪਾ ਅਕਸਰ ਹੀ ਕਿਸੇ ਨਾ ਕਿਸੇ ਕਾਰਨਾਂ ਕਰ ਕੇ ਸੁਰਖ਼ੀਆਂ ਵਿਚ ਰਹਿੰਦੀ ਹੈ, ਭਾਵੇਂ ਉਹ ਕੋਈ ਵੀ ਮੁੱਦਾ ਹੋਵੇ | ਅਜਿਹਾ ਹੀ ਇਕ ਮਾਮਲਾ ਅੰਦਰਲੀ ਅਨਾਜ ਮੰਡੀ ਦੀ ਸੜਕ ਦਾ ਸਾਹਮਣੇ ਆਇਆ ਹੈ, ਜਿਸ ਨੂੰ ਸਬੰਧਿਤ ਠੇਕੇਦਾਰ ਵਲੋਂ ਕੁੱਝ ਮਹੀਨੇ ਪਹਿਲਾਂ ਸੀਵਰੇਜ ਪਾਈਪ ਪਾਉਣ ਲਈ ਪੁੱਟਿਆ ਗਿਆ ਸੀ, ਤਾਂ ਜੋ ਸ਼ਹਿਰ ਵਾਸੀਆਂ ਨੂੰ ਬਰਸਾਤ ਸਮੇਂ ਪਾਣੀ ਤੋਂ ਵੱਡੀ ਰਾਹਤ ਮਿਲ ਸਕੇ ਪ੍ਰੰਤੂ ਸਹੂਲਤ ਮਿਲਣਾ ਤਾਂ ਦੂਰ ਦੀ ਗੱਲ ਰਹੀ ਜਦਕਿ ਇਸ ਸੜਕ ਨੂੰ ਸਬੰਧਿਤ ਠੇਕੇਦਾਰ ਵਲੋਂ ਪੁੱਟਣ ਤੋਂ ਬਾਅਦ ਸਾਰ ਲੈਣਾ ਮੁਨਾਸਬ ਹੀ ਨਹੀਂ ਸਮਝਿਆ | ਜਿਸ ਦਾ ਖ਼ਮਿਆਜ਼ਾ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭੋਗਣਾ ਪੈ ਰਿਹਾ ਹੈ, ਕਿਉਂਕਿ ਦਿਨ ਚੜ੍ਹਦੇ ਹੀ ਦੁਕਾਨਦਾਰਾਂ ਨੂੰ ਪੁੱਟੀ ਹੋਈ ਸੜਕ ਅਤੇ ਉੱਡਦੀ ਹੋਈ ਧੂੜ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਸੜਕ ਕਾਰਨ ਉਨ੍ਹਾਂ ਦਾ ਰੁਜ਼ਗਾਰ ਵੀ ਠੱਪ ਹੋ ਕੇ ਰਹਿ ਗਿਆ ਹੈ | ਜਿਸ ਦੇ ਚੱਲਦਿਆਂ ਅੱਜ ਇਕੱਠੇ ਹੋਏ ਦੁਕਾਨਦਾਰਾਂ ਨੇ ਫਿਰ ਅਨਾਜ ਮੰਡੀ ਦਾ ਮੁੱਖ ਗੇਟ ਬੰਦ ਕਰ ਕੇ ਨਗਰ ਕੌਂਸਲ ਅਤੇ ਸਬੰਧਿਤ ਠੇਕੇਦਾਰ ਖ਼ਿਲਾਫ਼ ਆਪਣੀ ਭੜਾਸ ਕੱਢੀ | ਇਸ ਮੌਕੇ ਦੁਕਾਨਦਾਰਾਂ ਨੇ ਨਗਰ ਕੌਂਸਲ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਭਾਵੇਂ ਲੋਕਾਂ ਦੀ ਸਹੂਲਤ ਲਈ ਨਗਰ ਕੌਂਸਲ ਵਲੋਂ ਅੰਦਰਲੀ ਅਨਾਜ ਮੰਡੀ ਵਿਚ ਸੀਵਰੇਜ ਦੀ ਪਾਈਪ ਪਾਈ ਗਈ ਹੈ, ਪ੍ਰੰਤੂ ਸਬੰਧਿਤ ਠੇਕੇਦਾਰ ਵਲੋਂ ਪਾਈਪ ਪਾਉਣ ਤੋਂ ਬਾਅਦ ਕੰਮ ਕੀੜੀ ਦੀ ਚਾਲ ਹੀ ਹੈ, ਵਾਰ-ਵਾਰ ਨਗਰ ਕੌਂਸਲ ਅਤੇ ਸਬੰਧਿਤ ਠੇਕੇਦਾਰ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ | ਉਨ੍ਹਾਂ ਆਪਣੇ ਘਰ ਅਤੇ ਦੁਕਾਨ 'ਤੇ ਆਉਣ ਜਾਣ ਸਮੇਂ ਇਸ ਮਿੱਟੀ ਵਿਚੋਂ ਗੁਜ਼ਰ ਕੇ ਹੋ ਕੇ ਜਾਣਾ ਪੈ ਰਿਹਾ ਹੈ ਅਤੇ ਉਨ੍ਹਾਂ ਦੇ ਸਾਰੇ ਕੱਪੜੇ ਮਿੱਟੀ ਅਤੇ ਚਿੱਕੜ ਨਾਲ ਭਰ ਜਾਂਦੇ ਹਨ | ਦੁਕਾਨਦਾਰਾਂ ਨੇ ਨਗਰ ਕੌਂਸਲ ਨੂੰ ਚਿਤਾਵਨੀ ਦਿੱਤੀ ਕਿ ਜੇ ਮਸਲੇ ਦਾ ਹੱਲ ਨਾ ਹੋਇਆ ਤਾਂ ਉਹ ਤਿੱਖਾ ਸੰਘਰਸ਼ ਕਰਨਗੇ | ਜਦ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਬੰਧਿਤ ਠੇਕੇਦਾਰ ਨੂੰ ਤਾੜਨਾ ਕਰ ਦਿੱਤੀ ਗਈ ਹੈ | ਦੁਕਾਨਦਾਰਾਂ ਦੀ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸੜਕ ਨੂੰ ਜਲਦ ਹੀ ਨੇਪਰੇ ਚਾੜ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਆਦਿ ਦੁਕਾਨਦਾਰ ਹਾਜ਼ਰ ਸਨ | ਇਸ ਮੌਕੇ ਰਿੰਪੀ ਡਾਲਾ, ਸਤੀਸ਼ ਕੁਮਾਰ ਤੀਸਾ, ਪ੍ਰਦੀਪ ਕੁਮਾਰ ਤੀਲੀ, ਵਿਜੇ ਧੂਰਕੋਟੀਆ, ਸ਼ਨੀ ਬਾਂਸਲ, ਰਾਜੂ ਮਹਿਤਾ ਆਦਿ ਵੱਡੀ ਗਿਣਤੀ 'ਚ ਦੁਕਾਨਦਾਰ ਮੌਜੂਦ ਸਨ |

ਪਿਛਲੀ ਖ਼ਬਰ ਕਲੈਰੀਕਲ ਕਾਮਿਆਂ ਨੇ ਰੋਸ ਮੁਜ਼ਾਹਰਾ ਕਰਦਿਆਂ ਮੁਲਾਜ਼ਮ ਵਿਰੋਧੀ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ <br/> ਅਗਲੀ ਖ਼ਬਰ ਪੰਚਾਇਤ ਸੰਮਤੀ ਮਹਿਲ ਕਲਾਂ ਦੀ ਚੋਣ ਸਰਬਸੰਮਤੀ ਨਾਲ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।