ਬਰਨਾਲਾ, 29 ਅਪ੍ਰੈਲ (ਨਰਿੰਦਰ ਅਰੋੜਾ)-ਪੰਜਾਬ ਸਰਕਾਰ ਵਲੋਂ ਸਿਹਤ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਹਾਲਾਤ ਇਸ ਦੇ ਉਲਟ ਹਨ | ਇਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਬਰਨਾਲਾ ਦਾ ਸਿਵਲ ਹਸਪਤਾਲ ਹੈ, ਜਿੱਥੇ ਬੱਚਿਆਂ ਦੇ ਵਾਰਡ ਵਿਚ 5 ਡਾਕਟਰਾਂ ਦੀਆਂ ਅਸਾਮੀਆਂ ਮਨਜ਼ੂਰ ਹੋਣ ਦੇ ਬਾਵਜੂਦ ਸਿਰਫ਼ ਇਕ ਹੀ ਬਾਲ ਰੋਗ ਮਾਹਿਰ ਤਾਇਨਾਤ ਹੈ | ਇਸ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਹਿਰ ਨਿਵਾਸੀ ਰਾਜੀਵ ਬਾਂਸਲ ਮਿੰਕਾ, ਤੇਜਿੰਦਰ ਜਿੰਦਲ ਆਸ਼ੂ, ਅਮਿਤ ਗਰਗ, ਪ੍ਰਦੀਪ ਸਿੰਗਲਾ, ਗੁਰਪ੍ਰੀਤ ਸਿੰਘ ਜੰਡੂ ਨੇ ਦੱਸਿਆ ਕਿ ਇਕ ਪਾਸੇ ਸਰਕਾਰ ਸਿਹਤ ਸਹੂਲਤਾਂ ਅਤੇ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵਧਾਉਣ ਦਾ ਪ੍ਰਚਾਰ ਕਰ ਰਹੀ ਹੈ, ਪਰ ਦੂਜੇ ਪਾਸੇ ਸਿਵਲ ਹਸਪਤਾਲ ਵਰਗੇ ਵੱਡੇ ਸੰਸਥਾਨਾਂ ਵਿਚ ਡਾਕਟਰਾਂ ਦੀ ਘਾਟ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਬੱਚਿਆਂ ਦੇ ਵਾਰਡ ਵਿਚ ਸਿਰਫ਼ ਇਕ ਹੀ ਡਾਕਟਰ ਸੀ | ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਤੋਂ ਬਾਅਦ ਡਾ: ਜਸਦੀਪ ਸਿੰਘ ਨੂੰ ਤਾਇਨਾਤ ਕੀਤਾ ਗਿਆ ਸੀ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ | ਸਾਲਾਂ ਤੋਂ ਬੰਦ ਪਏ ਨਰਸਰੀ ਸੈਂਟਰ ਦੇ ਚਾਲੂ ਹੋਣ ਦੀ ਉਮੀਦ ਵੀ ਜਾਗੀ ਸੀ | ਪਰ ਨਰਸਰੀ ਸੈਂਟਰ ਤਾਂ ਚਾਲੂ ਨਾ ਹੋਇਆ, ਸਗੋਂ ਬੀਤੇ ਦਿਨੀਂ ਡਾ: ਜਸਦੀਪ ਸਿੰਘ ਦਾ ਵੀ ਤਬਾਦਲਾ ਕਰ ਦਿੱਤਾ ਗਿਆ | ਹੁਣ ਹਸਪਤਾਲ ਵਿਚ ਬੱਚਿਆਂ ਦਾ ਇਲਾਜ ਕਰਨ ਲਈ ਫਿਰ ਤੋਂ ਸਿਰਫ਼ ਇੱਕ ਡਾਕਟਰ ਹੀ ਬਚਿਆ ਹੈ | ਬੱਚਿਆਂ ਦੇ ਵਾਰਡ ਦੀ ਰੋਜ਼ਾਨਾ ਓ.ਪੀ.ਡੀ. ਕਰੀਬ 200 ਅਤੇ ਮਹੀਨੇ ਦੀ 5000 ਦੇ ਲਗਭਗ ਹੈ | ਇਸ ਤੋਂ ਇਲਾਵਾ ਹਸਪਤਾਲ ਵਿਚ 24 ਘੰਟੇ ਦੌਰਾਨ ਕਈ ਡਿਲੀਵਰੀਆਂ ਵੀ ਹੁੰਦੀਆਂ ਹਨ | ਅਜਿਹੇ ਵਿਚ ਇਕ ਡਾਕਟਰ ਲਈ 24 ਘੰਟੇ ਹਾਜ਼ਰ ਰਹਿਣਾ ਸੰਭਵ ਨਹੀਂ, ਜਿਸ ਦਾ ਖ਼ਮਿਆਜ਼ਾ ਨਵਜੰਮੇ ਬੱਚਿਆਂ ਅਤੇ ਮਰੀਜ਼ਾਂ ਨੂੰ ਭੁਗਤਣਾ ਪੈਂਦਾ ਹੈ | ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜ਼ਮੀਨੀ ਹਕੀਕਤ ਨੂੰ ਦੇਖਦੇ ਹੋਏ ਤੁਰੰਤ ਡਾਕਟਰਾਂ ਦੀ ਘਾਟ ਪੂਰੀ ਕੀਤੀ ਜਾਵੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿਚ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ |