ਤਪਾ ਮੰਡੀ, 29 ਅਪ੍ਰੈਲ (ਪ੍ਰਵੀਨ ਗਰਗ)-ਤਪਾ-ਘੁੰਨਸ ਲਿੰਕ ਰੋਡ 'ਤੇ ਚਾਰ ਨਕਾਬਪੋਸ਼ ਲੁਟੇਰਿਆਂ ਵਲੋਂ ਤਲਵਾਰ ਦੀ ਨੌਕ 'ਤੇ ਇਕ ਪ੍ਰਵਾਸੀ ਮਜ਼ਦੂਰ ਨਾਲ ਲੁੱਟ ਖੋਹ ਕੀਤੇ ਜਾਣ ਦਾ ਸਮਾਚਾਰ ਹੈ | ਇਲਾਕੇ ਅੰਦਰ ਵਾਪਰੀ ਇਸ ਘਟਨਾ ਨਾਲ ਲੋਕ ਸਹਿਮ ਦੇ ਮਾਹੌਲ 'ਚ ਹਨ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਮਜ਼ਦੂਰ ਦਲੀਪ ਕੁਮਾਰ ਨੇ ਦੱਸਿਆ ਕਿ ਉਹ ਤਪਾ ਘੁੰਨਸ ਲਿੰਕ ਰੋਡ 'ਤੇ ਸਥਿਤ ਇਕ ਪੋਲਟਰੀ ਫਾਰਮ 'ਚ ਮਜ਼ਦੂਰੀ ਕਰਦਾ ਹੈ, ਬੀਤੇ ਦਿਨੀਂ ਮੰਗਲਵਾਰ ਵਾਲੇ ਦਿਨ ਉਹ ਸ਼ਾਮ ਦੇ ਸਮੇਂ ਅਪਣਾ ਰਾਸ਼ਨ ਲੈ ਕੇ ਫਾਰਮ ਵੱਲ ਜਾ ਰਿਹਾ ਸੀ | ਜਦੋਂ ਉਹ ਪੋਲਟਰੀ ਫਾਰਮ ਨੇੜੇ ਪਹੁੰਚਿਆ ਤਾਂ ਮੋਟਰਸਾਈਕਲਾਂ 'ਤੇ ਸਵਾਰ ਚਾਰ ਵਿਅਕਤੀ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜਿਆਂ ਨਾਲ ਢੱਕੇ ਹੋਏ ਸਨ, ਨੇ ਉਸ ਨੰੂ ਰੋਕ ਲਿਆ ਤੇ ਉਸ ਦੀ ਗਰਦਨ 'ਤੇ ਤਲਵਾਰ ਰੱਖ ਕੇ ਜੇਬ 'ਚ ਪਾਏ ਹੋਏ ਕੁੱਝ ਰੁਪਏ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ਇਸ ਦੌਰਾਨ ਇਕ ਲੁਟੇਰੇ ਵਲੋਂ ਤਲਵਾਰ ਨਾਲ ਵਾਰ ਕਰਨ ਕਾਰਨ ਉਸ ਦੀ ਗਰਦਨ 'ਤੇ ਜ਼ਖ਼ਮ ਵੀ ਆਇਆ ਹੈ | ਉਸ ਨੇ ਤੁਰੰਤ ਇਸ ਘਟਨਾ ਸਬੰਧੀ ਸੂਚਨਾ ਆਪਣੇ ਮਾਲਕ ਨੂੰ ਦਿੱਤੀ | ਜਿਸ ਤੋਂ ਬਾਅਦ ਉਨ੍ਹਾਂ ਤਪਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ, ਇਨ੍ਹਾਂ ਨਕਾਬਪੋਸ਼ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ |