ਬਰਨਾਲਾ, 29 ਅਪ੍ਰੈਲ (ਰਾਜ ਪਨੇਸਰ)-ਨਵਾਂ ਬੱਸ ਸਟੈਂਡ ਰੋਡ 'ਤੇ ਇਕ ਖ਼ਾਲੀ ਪਲਾਟ 'ਚ ਨੌਜਵਾਨ ਦੀ ਲਾਸ਼ ਭੇਦਭਰੇ ਹਲਾਤਾਂ 'ਚ ਪੁਲਿਸ ਨੂੰ ਮਿਲੀ ਹੈ | ਜਾਣਕਾਰੀ ਦਿੰਦਿਆਂ ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਕਿ ਸਰਦਾਰ ਹੈਂਡਲੂਮ ਦੇ ਨਜ਼ਦੀਕ ਇਕ ਖ਼ਾਲੀ ਪਲਾਟ 'ਚ ਇਕ ਵਿਅਕਤੀ ਡਿੱਗਿਆ ਪਿਆ ਹੈ | ਪੂਰੀ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਜਾਣਕਾਰੀ ਹਾਸਲ ਕਰਦਿਆਂ ਵਿਅਕਤੀ ਨੂੰ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ | ਜਿੱਥੇ ਡਾਕਟਰਾਂ ਨੇ ਮਿ੍ਤਕ ਘੋਸ਼ਿਤ ਕਰ ਦਿੱਤਾ | ਮਿ੍ਤਕ ਦੀ ਪਛਾਣ ਜਸਪਾਲ ਸਿੰਘ ਪੱੁਤਰ ਦਰਸ਼ਨ ਸਿੰਘ ਵਾਸੀ ਜੋਗਾ (ਮਾਨਸਾ) ਵਜੋਂ ਹੋਈ ਹੈ | ਮਿ੍ਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ | ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ | ਮਿ੍ਤਕ ਦੇ ਪਿਤਾ ਨੇ ਇਹ ਵੀ ਦੱਸਿਆ ਕਿ 4-5 ਦਿਨ ਪਹਿਲਾਂ ਜਸਪਾਲ ਸਿੰਘ ਬਿਨਾਂ ਦੱਸੇ ਕਿੱਧਰੇ ਚਲਾ ਗਿਆ ਸੀ | ਜਿਸ ਦੀ ਉਨ੍ਹਾਂ ਵਲੋਂ ਭਾਲ ਕੀਤੀ ਜਾ ਰਹੀ ਸੀ |