ਬਰਨਾਲਾ, 15 ਮਈ (ਗੁਰਪ੍ਰੀਤ ਸਿੰਘ ਲਾਡੀ)-ਭਾਰਤੀਆ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵਲੋਂ ਬਰਨਾਲਾ ਵਿਖੇ ਨਗਰ ਨਿਗਮ ਚੋਣਾਂ ਲਈ ਭਾਜਪਾ ਉਮੀਦਵਾਰਾਂ ਦੇ ਰਿਟਰਨਿੰਗ ਅਫ਼ਸਰਾਂ ਕੋਲ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਏ ਗਏ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਅੱਜ ਭਾਜਪਾ ਦੇ 37 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ | ਸ: ਢਿੱਲੋਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਭਾਜਪਾ ਵਰਕਰਾਂ ਵਿਚ ਪੂਰਾ ਉਤਸ਼ਾਹ ਅਤੇ ਸਾਰੇ ਵਾਰਡਾਂ ਵਿਚ ਭਾਜਪਾ ਵਧੀਆ ਹੁੰਗਾਰਾ ਮਿਲ ਰਿਹਾ ਹੈ | ਇਸ ਲਈ ਭਾਜਪਾ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨਗੇ | ਉਨ੍ਹਾਂ ਸ਼ਹਿਰ ਬਰਨਾਲਾ ਵਿਚ ਸੜਕਾਂ ਦੇ ਮਾੜੀ ਹਾਲਤ ਅਤੇ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਸਬੰਧੀ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਪੂਰੀ ਤਰਾਂ ਨਾਕਾਮ ਹੈ | 2027 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਵਿਕਾਸ ਅਤੇ ਸੁੰਦਰਤਾ ਪੱਖੋ ਬਰਨਾਲਾ ਨੂੰ ਪੰਜਾਬ ਦਾ ਨੰਬਰ ਇੱਕ ਸ਼ਹਿਰ ਬਣਾਇਆ ਜਾਵੇਗਾ | ਨਵੀਂ ਵਾਰਡਬੰਦੀ ਅਤੇ ਵੋਟਰ ਸੂਚੀਆਂ ਸਬੰਧੀ ਗੱਲ ਕਰਨ 'ਤੇ ਸ: ਢਿੱਲੋਂ ਨੇ ਕਿਹਾ ਕਿ ਪੂਰੇ ਸੂਬੇ ਵਿਚ ਵੋਟਰ ਸੂਚੀਆਂ ਅਤੇ ਵਾਰਡਬੰਦੀ ਵਿਚ ਵੱਡੀ ਪੱਧਰ 'ਤੇ ਧਾਂਦਲੀ ਹੋਈ ਹੈ, ਜਿਸ ਸਬੰਧੀ ਉਨਾਂ ਵਲੋਂ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੂੰ ਮਿਲ ਕੇ ਮੰਗ-ਪੱਤਰ ਵੀ ਦਿੱਤਾ ਗਿਆ ਸੀ | ਇਸ ਮੌਕੇ ਜ਼ਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ, ਸੀਨੀਅਰ ਆਗੂ ਪ੍ਰੇਮ ਪ੍ਰੀਤਮ ਜਿੰਦਲ ਤੇ ਗੁਰਜਿੰਦਰ ਸਿੰਘ ਪੱਪੀ ਸੰਧੂ ਆਦਿ ਹਾਜ਼ਰ ਸਨ |