ਜ਼ਿਲ੍ਹੇ 'ਚ ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਹੁਣ ਤੱਕ ਕੁੱਲ 99 ਨਾਮਜ਼ਦਗੀ ਪੱਤਰ ਦਾਖ਼ਲ- ਜ਼ਿਲ੍ਹਾ ਚੋਣ ਅਫ਼ਸਰ
ਅਜੀਤ ਡੈਸਕ
16-05-2026
ਭਦੌੜ ਨਗਰ ਕੌਂਸਲ ਚੋਣਾਂ ਲਈ ਵੱਖ-ਵੱਖ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ
ਭਦੌੜ, (ਰਜਿੰਦਰ ਬੱਤਾ, ਵਿਨੋਦ ਕਲਸੀ)-ਨਗਰ ਕੌਂਸਲ ਭਦੌੜ ਦੀ 26 ਮਈ ਨੂੰ ਹੋਣ ਵਾਲੀ ਚੋਣ ਲਈ ਅੱਜ ਨਾਮਜ਼ਦਗੀ ਪਰਚੇ ਭਰਨ ਦੇ ਤੀਜੇ ਦਿਨ ਵੱਖ-ਵੱਖ ਪਾਰਟੀਆਂ ਦੇ 7 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਦਸਤਾਵੇਜ਼ ਰਿਟਰਨਿੰਗ ਅਫ਼ਸਰ ਕ੍ਰਿਤਿਕਾ ਗੋਇਲ ਐਸ.ਡੀ.ਐਮ. ਮਹਿਲ ਕਲਾਂ ਕੋਲ ਜਮਾਂ ਕਰਵਾਏ | ਰਿਟਰਨਿੰਗ ਅਫ਼ਸਰ ਕੋਲ ਜਮਾਂ ਹੋਏ ਨਾਮਜ਼ਦਗੀ ਪੱਤਰ ਵਿਚ ਭਾਰਤੀ ਜਨਤਾ ਪਾਰਟੀ ਦੇ ਵਾਰਡ ਨੰਬਰ 10 ਰਿਜ਼ਰਵ ਤੋਂ ਉਮੀਦਵਾਰ ਨੇਬਲਜੀਤ ਸਿੰਘ ਹਨੀ ਪੁੱਤਰ ਬਲਵਿੰਦਰਪਾਲ ਸਿੰਘ ਹੈਪੀ, ਭਾਜਪਾ ਮੰਡਲ ਪ੍ਰਧਾਨ ਰਾਕੇਸ਼ ਕੁਮਾਰ ਟੀਟੂ ਪੁੱਤਰ ਹੇਮ ਰਾਜ ਵਾਰਡ ਨੰਬਰ 2 ਜਰਨਲ, ਭਾਜਪਾ ਦੀ ਉਮੀਦਵਾਰ ਅੰਜੂ ਰਾਣੀ ਪਤਨੀ ਪ੍ਰਵੀਨ ਗੋਤਮ ਵਾਰਡ ਨੰਬਰ 5 ਜਨਰਲ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਪੁੱਤਰ ਕਰਮ ਸਿੰਘ ਵਾਰਡ ਨੰਬਰ 13 ਅਤੇ ਕਾਂਗਰਸੀ ਉਮੀਦਵਾਰ ਗੋਕਲ ਸਿੰਘ ਸਹੋਤਾ ਪੁੱਤਰ ਜੀਤ ਸਿੰਘ ਨੇ ਵਾਰਡ ਨੰਬਰ 10 ਰਿਜ਼ਰਵ, ਕਾਂਗਰਸੀ ਉਮੀਦਵਾਰ ਨਾਹਰ ਸਿੰਘ ਔਲਖ ਪੁੱਤਰ ਨਿੱਕਾ ਸਿੰਘ ਵਾਰਡ ਨੰਬਰ 12 ਜਰਨਲ ਅਤੇ ਆਜ਼ਾਦ ਉਮੀਦਵਾਰ ਸੁਖਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਵਾਰਡ ਨੰਬਰ 8 ਰਿਜ਼ਰਵ ਤੋਂ ਆਪਣੇ ਪੱਤਰ ਦਾਖਲ ਕਰਵਾ ਕੇ ਆਪਣੀ ਚੋਣ ਸਰਗਰਮੀਆਂ ਵਿੱਢ ਦਿੱਤੀਆਂ ਹਨ |
ਅਕਾਲੀ ਉਮੀਦਵਾਰ ਧੰਮੀ ਦੀ ਚੋਣ ਮੁਹਿੰਮ ਵਿਚ ਨੌਜਵਾਨ ਨੇ ਭਰਵੀਂ ਸ਼ਮੂਲੀਅਤ ਕੀਤੀ
ਭਦੌੜ, (ਰਜਿੰਦਰ ਬੱਤਾ, ਵਿਨੋਦ ਕਲਸੀ)-ਵਾਰਡ ਨੰ: 4 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਸਿੰਘ ਧੰਮੀ ਦੀ ਚੋਣ ਮੁਹਿੰਮ ਦੌਰਾਨ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਉਮੀਦਵਾਰ ਧੰਮੀ ਦੇ ਹੱਕ ਵਿਚ ਨਿੱਤਰ ਆਏ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਨੇ ਕਿਹਾ ਕਿ ਵਾਰਡ ਨੰ: 4 ਦੇ ਸਮੁੱਚੇ ਲੋਕਾਂ ਦੁਆਰਾ ਹੀ ਮੇਰੀ ਚੋਣ ਨੂੰ ਆਪਣੀ ਚੋਣ ਬਣਾ ਕੇ ਲੜਿਆ ਜਾ ਰਿਹਾ ਹੈ ਕਿਉਂਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਉਪਰ ਖਰੀ ਨਹੀਂ ਉੱਤਰੀ ਜਿਸ ਕਰ ਕੇ ਅੱਜ ਵੱਡੀ ਗਿਣਤੀ ਵਿਚ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ | ਅਸੀਂ ਇਨ੍ਹਾਂ ਨਾਲ ਵਾਅਦਾ ਕਰਦੇ ਹਾਂ ਕਿ ਇਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ | ਇਸ ਸਮੇਂ ਪਾਰਟੀ ਦੇ ਆਗੂ ਅਤੇ ਵਾਰਡ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਨਗਰ ਕੌਂਸਲ ਤਪਾ ਚੋਣਾਂ ਲਈ ਤੀਸਰੇ ਦਿਨ 20 ਉਮੀਦਵਾਰਾਂ ਵਲੋਂ ਪੇਪਰ ਦਾਖ਼ਲ
ਤਪਾ ਮੰਡੀ, (ਵਿਜੇ ਸ਼ਰਮਾ)-ਨਗਰ ਕੌਂਸਲ ਤਪਾ ਦੀਆਂ ਚੋਣਾਂ ਲਈ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਰਿਟਰਨਿੰਗ ਅਫ਼ਸਰ ਕਮ ਐੱਸ.ਡੀ.ਐੱਮ. ਆਯੂਸ਼ ਗੋਇਲ ਤਪਾ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਰਹੇ ਹਨ | ਇਸ ਸਬੰਧੀ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ. ਆਯੂਸ਼ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਾਮਜ਼ਦਗੀਆਂ ਦੇ ਤੀਸਰੇ ਦਿਨ 20 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਹਨ | ਉਨ੍ਹਾਂ ਕਿਹਾ ਕਿ 16 ਮਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਮਿਤੀ ਹੈ | ਇਸ ਲਈ ਜਿਸ ਵੀ ਉਮੀਦਵਾਰ ਨੇ ਨਗਰ ਕੌਂਸਲ ਦੀਆਂ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਹੋਣ ਉਹ 3 ਵਜੇ ਤੱਕ ਦਾਖਲ ਕਰ ਸਕਦੇ ਹਨ | ਉਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਦੇ ਨਾਮਜ਼ਦਗੀ ਪੇਪਰ ਦਾਖਲ ਨਹੀਂ ਕੀਤੇ ਜਾਣਗੇ |